ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ‘ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਜਲੰਧਰ: ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ‘ਚ ਸਕੂਲ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਦਾ ਸਾਲਾਨਾ ਸਮਾਗਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ | ਸਮਾਗਮ ‘ਚ ਮੁੱਖ ਮਹਿਮਾਨ ਦੇ ਰੂਪ ‘ਚ ਅਰਵਿੰਦ ਚੋਪੜਾ ਅਤੇ ਸ਼੍ਰੀਮਤੀ ਸੀਮਾਂ ਚੋਪੜਾ ਨੇ ਸ਼ਿਰਕਤ ਕੀਤੀ | ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪ੍ਰਵਾਸੀ ਭਾਰਤੀ ਸ. ਸਤਨਾਮ ਸਿੰਘ ਚਾਹਲ ਵੀ ਹਾਜ਼ਰ ਹੋਏ | ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ |
ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਰੰਗ ਬਿਰੰਗੀਆਂ ਡਰੈੱਸਾਂ ਦੇ ਅੰਦਰ ਵੈਲਕਮ ਗੀਤ ਗਾਇਨ ਕਰਕੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ | ਨਰਸਰੀ ਅਤੇ ਕੇ.ਜੀ ਵਿੰਗ ਦੇ ਵਿਦਿਆਰਥੀਆਂ ਨੇ ਬਹੁਤ ਹੀ ਮਨਮੋਹਕ ਡਾਂਸ ਕਰਦੇ ਆਪਣੀ ਪ੍ਰਤਿਭਾ ਦਿਖਾਈ | ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੇ ਵੱਖ ਵੱਖ ਸਭਿਆਚਾਰ ‘ਚੋਂ ਰਾਜਸਥਾਨੀ, ਗੁਜਰਾਤੀ ਅਤੇ ਹਰਿਆਣਵੀਂ ਲੋਕ ਨਾਚ ਪੇਸ਼ ਕਰਕੇ ਸਭ ਨੂੰ ਮੰਤਰ ਮੁਗ਼ਧ ਕੀਤਾ | ਕੁੜੀਆਂ ਦਾ ਜੂਨੀਅਰ ਗਿੱਧਾ, ਸੀਨੀਅਰ ਗਿੱਧਾ, ਕੁੜੀਆਂ ਦੇ ਭੰਗੜੇ ਅਤੇ ਮੁੰਡਿਆਂ ਦੇ ਮਲਵਈ ਗਿੱਧੇ ਪੇਸ਼ ਕੀਤੇ ਗਏ |
ਬੋਲੀਆਂ ‘ਚ ਪੰਜਾਬੀ ਸੱਭਿਆਚਾਰ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ | ‘ਪੱਗ ਸਿੱਖੀ ਦੀ ਆਨ ਅਤੇ ਸ਼ਾਨ ਹੈ’ ਸਕੂਲ ਦੇ ਵਿਦਿਆਰਥੀਆਂ ਨੇ ਪੱਗ ਉੱਤੇ ਗੀਤ ਪੱਗ ‘ਤੇ ਪਰਾਉਡ ‘ਚ ਗੱਤਕਾ ਦੀ ਪ੍ਰਸਤੂਤੀ ਕਰ ਕੇ ਬਹੁਤ ਵਾਹ ਵਾਹ ਖੱਟੀ | ਸਕੂਲ ਦੀ ਡਾਇਰੈਕਟਰ ਮੈਡਮ ਨਿਸ਼ਾ ਮੜ੍ਹੀਆਂ ਅਤੇ ਪਿ੍ੰ. ਅਮਿਤਾਲ ਕੌਰ ਨੇ ਸੈਸ਼ਨ 2021-2022 ਦੀ ਸਕੂਲ ਦੀ ਕਾਰਗੁਜਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ |
ਸਤਨਾਮ ਸਿੰਘ ਚਾਹਲ ਨੇ ਵੀ ਸਕੂਲ ਦੀ ਕਾਰਗੁਜਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਲਾਕਾ ਨਿਵਾਸੀਆਂ ਨੂੰ ਸਕੂਲ ਦੀ ਸਫਲਤਾ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਰਵਿੰਦ ਚੋਪੜਾ ਅਤੇ ਸ਼੍ਰੀਮਤੀ ਸੀਮਾਂ ਚੋਪੜਾ ਨੇ ਪੇਂਡੂ ਖੇਤਰ ‘ਚ ਇੰਗਲਿਸ਼ ਮੀਡੀਅਮ ਵਿਚ ਮਿਆਰੀ ਸਿੱਖਿਆ ਬਹੁਤ ਹੀ ਘੱਟ ਖਰਚੇ ‘ਤੇ ਦੇਣ ਲਈ ਸਕੂਲ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਕੂਲ ਨੂੰ 50 ਹਜ਼ਾਰ ਰੁਪਏ ਸਹਿਯੋਗ ਦੇਣ ਦਾ ਵਾਅਦਾ ਕੀਤਾ |
ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ ਨੇ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇ ‘ਚ ਦਿੱਤੇ ਗਏ ਪੂਰਣ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸਕੂਲ ਦੀ ਸਫਲਤਾ ਲਈ ਮਿਲਵਰਤਣ ਲਈ ਅਪੀਲ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਅਰਵਿੰਦ ਚੋਪੜਾ ਅਤੇ ਸ਼੍ਰੀਮਤੀ ਸੀਮਾ ਚੋਪੜਾ ਵਲੋਂ ਸਕੂਲ ਦੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ | ਅੱਜ ਦੇ ਸਮਾਗਮ ‘ਚ ਇਲਾਕੇ ਦੇ ਪਤਵੰਤੇ ਵਿਅਕਤੀ ਅਜਾਇਬ ਸਿੰਘ ਹਜ਼ਾਰਾ ਵੀ ਹਾਜ਼ਰ ਸਨ |