ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਲਈ ਪੰਜਾਬ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਦਾਖਲਿਆਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਕ ਸਰਕਾਰੀ, ਗ਼ੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਿੱਖਿਆ ਬੋਰਡ ਨਾਲ ਐਫ਼ੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸ਼ਨ ਲੈਣ ਜਾਂ ਐਕਰੀਡਿਟੇਸ਼ਨ ਰੀਨਿਊ ਕਰਨ ਲਈ ਬੇਨਤੀਆਂ ਦੇਣ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਐਕਰੀਡਿਟੇਸ਼ਨ ਲਈ ਫ਼ੀਸ ਮੈਟ੍ਰਿਕ ਸ਼੍ਰੇਣੀ ਲਈ 3000 ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਲਈ 4000 ਰੁਪਏ ਪ੍ਰਤੀ ਗਰੁੱਪ ਨਿਰਧਾਰਤ ਕੀਤੀ ਗਈ ਹੈ।
ਐਕਰੀਡਿਟੇਸ਼ਨ ਰੀਨਿਊਅਲ ਲਈ ਫ਼ੀਸ, ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ (ਪ੍ਰਤੀ ਗਰੁੱਪ) ਲਈ 1500 ਹੋਵੇਗੀ। ਨਵੀ ਐਕਰੀਡਿਟੇਸ਼ਨ ਅਤੇ ਐਕਰੀਡਿਟੇਸ਼ਨ ਰਿਨਿਊਅਲ ਲਈ ਬਿਨਾਂ ਕਿਸੇ ਲੇਟ ਫ਼ੀਸ ਦੇ 31 ਜਨਵਰੀ 2023 ਤੱਕ ਫ਼ਾਰਮ ਭਰੇ ਜਾ ਸਕਦੇ ਹਨ। ਨਿਰਧਾਰਤ ਫ਼ੀਸ ਤੋਂ ਇਲਾਵਾ 1000 ਰੁਪਏ ਲੇਟ ਫ਼ੀਸ ਨਾਲ 28 ਫ਼ਰਵਰੀ 2023 ਤੱਕ, 2500 ਰੁਪਏ ਲੇਟ ਫ਼ੀਸ ਨਾਲ 31 ਮਾਰਚ 2023 ਤੱਕ 4000 ਲੇਟ ਫ਼ੀਸ ਨਾਲ 30 ਅਪ੍ਰੈਲ 2023 ਤੱਕ, 5500 ਰੁਪਏ ਲੇਟ ਫ਼ੀਸ ਨਾਲ 31 ਮਈ 2023 ਤੱਕ 7000 ਲੇਟ ਫ਼ੀਸ ਨਾਲ 30 ਜੂਨ 2023 ਤੱਕ, 8500 ਲੇਟ ਫ਼ੀਸ ਨਾਲ 31 ਜੁਲਾਈ, 2023 ਤੱਕ ਅਤੇ ਅੰਤ ਵਿਚ 10000 ਰੁਪਏ ਲੇਟ ਫ਼ੀਸ ਨਾਲ 31 ਅਗਸਤ 2023 ਤੱਕ ਨਵੀਂ ਐਕਰੀਡਿਟੇਸ਼ਨ ਅਤੇ ਐਕਰੀਡਿਟੇਸ਼ਨ ਰਿਨਿਊਅਲ ਲਈ ਫ਼ਾਰਮ ਭਰੇ ਜਾ ਸਕਣਗੇ। ਸਰਕਾਰੀ ਅਤੇ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਬੋਰਡ ਵੱਲੋਂ ਸਬੰਧਤ ਸੰਸਥਾਵਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਐਕਰੀਡਿਟੇਸ਼ਨ ਲਈ ਆਨਲਾਈਨ ਅਪਲਾਈ ਕਰਨ ਉਪਰੰਤ ਆਨਲਾਈਨ ਫ਼ਾਰਮ ਦੀ ਹਾਰਡ ਕਾਪੀ ਉਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐੱਸ.ਏ.ਐੱਸ. ਨਗਰ ਨੂੰ ਭੇਜੀ ਜਾਵੇ। ਐਕਰੀਡਿਟੇਸ਼ਨ ਫ਼ਾਰਮ ਸਕੂਲਾਂ ਦੀ ਲਾਗਇਨ ਆਈ.ਡੀ. ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਓਪਨ ਸਕੂਲ ਪੋਰਟਲ ‘ਤੇ ਉਪਲੱਬਧ ਹੈ।