ਕੜਾਕੇ ਦੀ ਠੰਡ ਨੇ ਪੰਜਾਬ ’ਚ ਬਿਜਲੀ ਦੀ ਮੰਗ ਦੇ ਰਿਕਾਰਡ ਤੋੜੇ, ‘ਜ਼ੀਰੋ ਬਿੱਲਾਂ’ ਨੇ ਕਢਾਈ ਪਾਵਰਕਾਮ ਦੀ ਚੀਕ

ਚੰਡੀਗੜ੍ਹ/ਪਟਿਆਲਾ : ਇਕ ਪਾਸੇ ਜਿੱਥੇ ਪੰਜਾਬ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਸੂਬੇ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਦੀ ਦੇ ਮੌਸਮ ’ਚ ਬਿਜਲੀ ਦੀ ਮੰਗ ਅਤੇ ਖਪਤ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਆਮ ਤੌਰ ’ਤੇ ਠੰਢ ਦੇ ਦਿਨਾਂ ’ਚ ਬਿਜਲੀ ਦੀ ਮੰਗ ਕਾਫ਼ੀ ਘੱਟ ਜਾਂਦੀ ਹੈ ਪਰ ਇਸ ਵਾਰ ‘ਜ਼ੀਰੋ ਬਿੱਲਾਂ’ ਦਾ ਲਾਹਾ ਲੈਣ ਲਈ ਘਰੇਲੂ ਬਿਜਲੀ ਦੀ ਮੰਗ ਅਤੇ ਖਪਤ ਅਸਮਾਨੀ ਚੜ੍ਹੀ ਹੈ। ਮਿਲੇ ਵੇਰਵਿਆਂ ਅਨੁਸਾਰ ਲੰਘੀ 4 ਜਨਵਰੀ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ 8736 ਮੈਗਾਵਾਟ ਨੂੰ ਛੂਹ ਗਈ ਹੈ ਜਦਕਿ ਪਿਛਲੇ ਵਰ੍ਹੇ ਇਹੋ ਮੰਗ ਸਿਰਫ਼ 6321 ਮੈਗਾਵਾਟ ਸੀ। ਇੱਕੋ ਦਿਨ ’ਚ ਬਿਜਲੀ ਦੀ ਮੰਗ ’ਚ 36 ਫ਼ੀਸਦੀ ਵਾਧਾ ਹੋਇਆ ਹੈ। ਜਨਵਰੀ ਦੇ ਸ਼ੁਰੂਆਤੀ ਦਿਨਾਂ ’ਚ ਬਿਜਲੀ ਦੀ ਮੰਗ ’ਚ 24 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਬਿਜਲੀ ਦੀ ਖਪਤ ਵਿਚ 21 ਫ਼ੀਸਦੀ ਦਾ ਵਾਧਾ ਹੋਇਆ ਹੈ। 22 ਦਸੰਬਰ ਤੋਂ ਬਿਜਲੀ ਦੀ ਮੰਗ ਤੇ ਖਪਤ ਨੇ ਰਫ਼ਤਾਰ ਫੜੀ ਹੈ।

ਜਿਉਂ ਜਿਉਂ ਠੰਢ ਵੱਧ ਰਹੀ ਹੈ, ਤਿਉਂ-ਤਿਉਂ ਖਪਤ ’ਚ ਵਾਧਾ ਹੋ ਰਿਹਾ ਹੈ। ਮਾਹਿਰ ਦੱਸਦੇ ਹਨ ਕਿ ਆਮ ਘਰਾਂ ’ਚ ਸਰਦੀ ਦੇ ਮੌਸਮ ਦੌਰਾਨ ਬਿਜਲੀ ਦੀ ਖਪਤ ਔਸਤਨ 200 ਯੂਨਿਟਾਂ ਹੀ ਰਹਿ ਜਾਂਦੀ ਸੀ। ਹੁਣ ‘ਆਪ’ ਸਰਕਾਰ ਨੇ 300 ਯੂਨਿਟਾਂ ਦੀ ਮੁਆਫ਼ੀ ਦਿੱਤੀ ਹੋਈ ਹੈ। ਇਹ ਪਹਿਲਾ ਸਰਦੀ ਦਾ ਮੌਸਮ ਹੈ ਜਿਸ ਵਿਚ ਬਿਜਲੀ ਦੀ ਖਪਤ ਵਧੀ ਹੈ। ਦਸੰਬਰ ਮਹੀਨੇ ਵਿਚ ਬਿਜਲੀ ਦੀ ਔਸਤਨ ਖਪਤ 4 ਫ਼ੀਸਦੀ ਵਧੀ ਸੀ ਜੋ ਕਿ ਜਨਵਰੀ ’ਚ 21 ਫ਼ੀਸਦੀ ਹੋ ਗਈ ਹੈ। ਪਾਵਰਕੌਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਲਈ ਸਰਦੀ ਦੇ ਮੌਸਮ ’ਚ ਸਰਕਾਰੀ ਅਤੇ ਪ੍ਰਾਈਵੇਟ ਤਾਪ ਬਿਜਲੀ ਘਰ ਚਲਾਉਣੇ ਪੈ ਰਹੇ ਹਨ। ਪਹਿਲਾਂ ਸਰਦੀ ਦੇ ਮੌਸਮ ਵਿਚ ਕੁਝ ਕੁ ਯੂਨਿਟ ਚਲਾਉਣ ਨਾਲ ਕੰਮ ਚੱਲ ਜਾਂਦਾ ਸੀ। ਇਸ ਵੇਲੇ ਰੋਪੜ ਥਰਮਲ ਦੇ ਚਾਰ ਯੂਨਿਟ, ਲਹਿਰਾ ਮੁਹੱਬਤ ਥਰਮਲ ਦੇ ਤਿੰਨ ਯੂਨਿਟ, ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ ਤਿੰਨ ਯੂਨਿਟ, ਰਾਜਪੁਰਾ ਥਰਮਲ ਦੇ ਦੋ ਯੂਨਿਟ ਅਤੇ ਗੋਇੰਦਵਾਲ ਥਰਮਲ ਦਾ ਇਕ ਯੂਨਿਟ ਚੱਲ ਰਿਹਾ ਹੈ।

ਫ਼ੀਲਡ ਅਧਿਕਾਰੀ ਦੱਸਦੇ ਹਨ ਕਿ ‘ਜ਼ੀਰੋ ਬਿੱਲ’ ਦੀ ਮੌਜ ਕਰਕੇ ਲੋਕ ਕਮਰਿਆਂ ਵਿਚ ਹੀਟਰ ਚਲਾ ਰਹੇ ਹਨ, ਇਥੋਂ ਤਕ ਕਿ ਖਾਣਾ ਵੀ ਹੀਟਰਾਂ ’ਤੇ ਬਣਾਇਆ ਜਾ ਰਿਹਾ ਹੈ। ਪਾਵਰਕੌਮ ਦਾ ਸਬਸਿਡੀ ਬਿੱਲ ਹੋਰ ਭਾਰਾ ਹੋਵੇਗਾ ਅਤੇ ਕੇਂਦਰੀ ਐਕਸਚੇਂਜ ਵਿਚ ਬਿਜਲੀ ਦੀਆਂ ਦਰਾਂ ਵੀ ਵੱਧ ਗਈਆਂ ਹਨ। ਪੰਜਾਬ ਵਿਚ ਸਵੇਰ ਤੇ ਸ਼ਾਮ ਵਕਤ ਬਿਜਲੀ ਦਾ ਲੋਡ ਜ਼ਿਆਦਾ ਹੁੰਦਾ ਹੈ। ਐਕਸਚੇਂਜ ’ਚੋਂ ਬਿਜਲੀ ਔਸਤਨ 7 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜਦਕਿ ਸਵੇਰ ਵਕਤ ਰੇਟ 12 ਰੁਪਏ ਪ੍ਰਤੀ ਯੂਨਿਟ ਤੱਕ ਚਲਾ ਜਾਂਦਾ ਹੈ।

ਗਰਮੀਆਂ ’ਚ ਆ ਸਕਦੀ ਹੈ ਦਿੱਕਤ

ਮਾਹਿਰਾਂ ਮੁਤਾਬਕ ਬਿਜਲੀ ਦੀ ਖਪਤ ਵਧਣ ਕਾਰਣ ਇਕ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਇਸ ਵਾਰ ਪਾਵਰਕਾਮ ਬੈਂਕਿੰਗ ਸਿਸਟਮ ਦੇ ਤਹਿਤ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਨਹੀਂ ਦੇ ਸਕਿਆ ਹੈ। ਇਹ ਬਿਜਲੀ ਪੰਜਾਬ ਗਰਮੀਆਂ ਅਤੇ ਝੋਨੇ ਦੇ ਸੀਜਨ ਵਿਚ ਵਾਪਸ ਲੈਂਦਾ ਸੀ। ਅਜਿਹੇ ਵਿਚ ਗਰਮੀਆਂ ਵਿਚ ਮੁਸ਼ਕਲ ਪੇਸ਼ ਆ ਸਕਦੀ ਹੈ, ਜਿਸ ਕਾਰਣ ਪੰਜਾਬ ਦੇ ਲੋਕਾਂ ਨੂੰ ਲੰਬੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply

error: Content is protected !!