ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਬਰਖਾਸਤ ਸਬ ਇੰਸਪੈਕਟਰ ਵਲੋਂ ਜ਼ਮਾਨਤ ਲਈ ਚਾਰਾਜੋਈ ਸ਼ੁਰੂ

ਮਾਨਸਾ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗੈਂਗਸਟਰ ਦੀਪਕ ਟੀਨੂੰ ਨੂੰ ਫਰਾਰ ਹੋਣ ਦੇ ਮਾਮਲੇ ਵਿਚ ਜੇਲ ਵਿਚ ਬੰਦ ਸੀ. ਆਈ. ਏ. ਮਾਨਸਾ ਦੇ ਬਰਖਾਸਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਆਪਣੀ ਜ਼ਮਾਨਤ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਅਤੇ ਹੋਰ ਗੈਂਗਸਟਰਾਂ ਖ਼ਿਲਾਫ ਮਾਨਸਾ ਪੁਲਸ ਨੇ ਦਸੰਬਰ ਮਹੀਨੇ ਵਿਚ ਚਾਰਜਸ਼ੀਟ ਪੇਸ਼ ਕੀਤੀ ਹੈ। ਇਸ ਵੇਲੇ ਪ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਹੈ। ਉਸ ’ਤੇ ਗੈਂਗਸਟਰ ਟੀਨੂੰ ਨੂੰ ਸੀ. ਆਈ. ਏ. ਦੀ ਹਿਰਾਸਤ ਵਿਚੋਂ ਸਾਜਿਸ਼ ਤਹਿਤ ਭਜਾਉਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਮਾਨਸਾ ਦੀ ਗ੍ਰਿਫਤ ਵਿਚੋਂ ਟੀਨੂੰ 1 ਅਕਤੂਬਰ 2022 ਨੂੰ ਫਰਾਰ ਹੋ ਗਿਆ ਸੀ, ਜਿਸ ਨੂੰ ਰਾਜਸਥਾਨ ਤੋਂ ਕਾਬੂ ਕੀਤਾ ਗਿਆ।

ਟੀਨੂੰ ਨੂੰ ਫਰਾਰ ਕਰਵਾਉਣ ਦੇ ਪਿੱਛੇ ਚੰਡੀਗੜ੍ਹ ਜਾ ਕੇ ਸ਼ਾਪਿੰਗ ਕਰਨੀ ਅਤੇ ਮਹਿੰਗੇ ਹੋਟਲਾਂ ਵਿਚ ਰਹਿਣ ਤੋਂ ਇਲਾਵਾ ਪ੍ਰਿਤਪਾਲ ਸਿੰਘ ਤੇ ਹੋਰ ਵੀ ਦੋਸ਼ ਲੱਗੇ ਹਨ। ਪੁਲਸ ਨੇ ਉਸ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰ ਲਿਆ ਸੀ। ਹੁਣ ਉਸ ਨੇ ਮਾਨਸਾ ਅਦਾਲਤ ਵਿਚ ਆਪਣੀ ਜ਼ਮਾਨਤ ਦੀ ਅਪੀਲ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸਦਾ ਕਈ ਦਿਨ ਰਿਮਾਂਡ ਵੀ ਲਿਆ ਗਿਆ ਅਤੇ ਪੁਲਸ ਨੂੰ ਕਈ ਅਹਿਮ ਸੁਰਾਗ ਵੀ ਮਿਲੇ।

ਇਸ ਤੋਂ ਬਾਅਦ ਉਸ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਐਡਵੋਕੇਟ ਬਿਮਲਜੀਤ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਬਹਿਸ ਜਾਰੀ ਹੈ ਅਤੇ ਅਦਾਲਤ ਵੱਲੋਂ ਹੁਣ ਅਗਲੀ ਸੁਣਵਾਈ 11 ਜਨਵਰੀ ਤੇ ਰੱਖੀ ਗਈ ਹੈ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪਹਿਲਾਂ ਕੁੱਝ ਵਕੀਲਾਂ ਨੇ ਕਤਲ ਦੇ ਦੋਸ਼ ਵਿਚ ਫੜ੍ਹੇ ਗਏ ਵਿਅਕਤੀਆਂ ਦੇ ਹੱਕ ਵਿਚ ਵਕਾਲਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ ਵੀ ਮਾਨਸਾ ਦੇ ਇਕ ਵਕੀਲ ਵੱਲੋਂ ਦਾਇਰ ਕੀਤੀ ਗਈ ਹੈ।

Leave a Reply