ਪੰਜਾਬ ਕੈਬਨਿਟ ਨੇ ਸਰਕਾਰੀ ਸਕੂਲਾਂ ਦੀ ਸਾਫ਼-ਸਫ਼ਾਈ ਤੇ ਸੁਰੱਖਿਆ ਲਈ ਲਿਆ ਵੱਡਾ ਫ਼ੈਸਲਾ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇਕ ਹੋਰ ਕਦਮ ਪੁੱਟਿਆ ਗਿਆ ਹੈ। ਪੰਜਾਬ ਕੈਬਨਿਟ ਵੱਲੋਂ ਸਕੂਲ ਸਿੱਖਿਆ ਵਿਭਾਗ ਦੀਆਂ 141.14 ਕਰੋੜ ਦੀਆਂ ਨਵੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਨੂੰ ਤਰਜੀਹੀ ਖੇਤਰ ਐਲਾਨਿਆ ਹੈ। ਕੈਬਨਿਟ ਦੇ ਇਸ ਫ਼ੈਸਲੇ ਨਾਲ ਪੰਜਾਬ ਰਾਜ ਦੇ ਸਰਕਾਰੀ ਸਕੂਲ ਕੈਂਪਸਾਂ ਸਫ਼ਾਈ ਅਤੇ ਸਵੱਛਤਾ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਫ਼-ਸੁਥਰੇ ਪਖ਼ਾਨੇ ਅਤੇ ਆਲਾ-ਦੁਆਲ਼ਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਯੋਗ ਉਮੀਦਵਾਰਾਂ ਨੂੰ ਆਪਣੇ ਪੱਧਰ ’ਤੇ ਨਿਸ਼ਚਤ ਮਿਹਨਤਾਨੇ ਦੇ ਆਧਾਰ ’ਤੇ ਸਕੂਲ ਵਿੱਚ ਤਾਇਨਾਤ ਕਰਨਗੀਆਂ।

ਮਿਹਨਤਾਨਾ ਨਿਸ਼ਚਿਤ ਕਰਨ ਲਈ 100 ਤੋਂ 500 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 3000 ਪ੍ਰਤੀ ਮਹੀਨਾ, 501 ਤੋਂ 1000 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 6000 ਪ੍ਰਤੀ ਮਹੀਨਾ, 1001 ਤੋਂ 1500 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 10,000 ਪ੍ਰਤੀ ਮਹੀਨਾ, 1501 ਤੋਂ 5000 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 20,000 ਪ੍ਰਤੀ ਮਹੀਨਾ ਅਤੇ 5000 ਵਿਦਿਆਰਥੀਆਂ ਤੋਂ ਵੱਧ ਗਿਣਤੀ ਵਾਲੇ ਸਕੂਲ ਲਈ 50,000 ਪ੍ਰਤੀ ਮਹੀਨਾ ਰੱਖਿਆ ਹੈ। ਇਸ ਕਾਰਜ ਦੌਰਾਨ ਵਿੱਤੀ ਵਰੇ 2022-23 ਦੇ ਰਹਿੰਦੇ ਸਮੇਂ ਦੌਰਾਨ 34.74 ਕਰੋੜ ਰੁਪਏ ਖ਼ਰਚ ਹੋਣਗੇ। ਮੰਤਰੀ ਬੈਂਸ ਨੇ ਦੱਸਿਆ ਕਿ ਇਸੇ ਤਰਾਂ ਸਕੂਲਾਂ ਦੇ ਗੇਟ ‘ਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਸਮੇਂ ਸਕੂਲ ਦੇ ਗੇਟ ’ਤੇ ਹੋਣ ਵਾਲੀ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਇਹ ਗਾਰਡ ਸਕੂਲ ਦੀ ਇਮਾਰਤ ਅਤੇ ਹੋਰ ਸਾਜ਼ੋ-ਸਾਮਾਨ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਹਰੇਕ ਸਕੂਲ ਵਿੱਚ ਦੋ ਗਾਰਡ ਤਾਇਨਾਤ ਕੀਤੇ ਜਾਣਗੇ। ਇਸ ਕਾਰਜ ਦੌਰਾਨ ਵਿੱਤੀ ਵਰੇ 2022-23 ਦੇ ਰਹਿੰਦੇ ਸਮੇਂ ਦੌਰਾਨ 33.07 ਕਰੋੜ ਰੁਪਏ ਖ਼ਰਚ ਹੋਣਗੇ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਏ ਕੀਮਤੀ ਸਾਜ਼ੋ-ਸਾਮਾਨ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚੋਂ ਅਕਸਰ ਹੀ ਚੌਕੀਦਾਰਾਂ ਦੀ ਘਾਟ ਕਾਰਨ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਮੌਜੂਦਾ ਸਮੇਂ ਪੰਜਾਬ ਰਾਜ ਦੇ 2042 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਸਿਰਫ਼ 30 ਸਰਕਾਰੀ ਸਕੂਲਾਂ ਵਿੱਚ 31 ਚੌਕੀਦਾਰ-ਕਮ-ਸਵੀਪਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਨੇਜਮੈਂਟ ਕਮੇਟੀਆਂ ਰਾਹੀਂ 5000 ਪ੍ਰਤੀ ਮਹੀਨਾ ਮਿਹਨਤਾਨੇ ’ਤੇ ਚੌਕੀਦਾਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰਜ ਦੌਰਾਨ ਵਿੱਤੀ ਵਰੇ 2022-23 ਦੇ ਰਹਿੰਦੇ ਸਮੇਂ ਦੌਰਾਨ 12.07 ਕਰੋੜ ਰੁਪਏ ਖ਼ਰਚ ਹੋਣਗੇ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਨੂੰ ਇਮਾਰਤੀ ਉਸਾਰੀ/ਸਾਂਭ-ਸੰਭਾਲ ਸਬੰਧੀ ਕਾਰਜਾਂ ਲਈ ਸਮੇਂ-ਸਮੇਂ ‘ਤੇ ਫੰਡ ਜਾਰੀ ਕੀਤੇ ਜਾਂਦੇ ਹਨ ਪਰ ਸਕੂਲਾਂ ਵਿੱਚ ਇਨਾਂ ਕਾਰਜਾਂ ਦੀ ਨਿਗਰਾਨੀ ਲਈ ਸਟਾਫ਼ ਦੀ ਘਾਟ ਕਾਰਨ ਸਕੂਲ ਦੇ ਪ੍ਰਿੰਸੀਪਲ ਨੂੰ ਹੀ ਇਹ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲਾਂ ਨੂੰ ਇਸ ਵਾਧੂ ਡਿਊਟੀ ਤੋਂ ਮੁਕਤ ਕਰਨ ਲਈ ਹਰੇਕ ਸੀਨੀਅਰ ਸੈਕੰਡਰੀ ਸਕੂਲ ਵਿੱਚ 1 ਕੈਂਪਸ ਮੈਨੇਜਰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਨੂੰ 25000 ਪ੍ਰਤੀ ਮਹੀਨਾ ਨਿਸ਼ਚਿਤ ਭੱਤਾ ਦਿੱਤਾ ਜਾਵੇਗਾ। ਇਸ ਕਾਰਜ ਦੌਰਾਨ ਵਿੱਤੀ ਵਰੇ 2022-23 ਦੇ ਰਹਿੰਦੇ ਸਮੇਂ ਦੌਰਾਨ 68.26 ਕਰੋੜ ਰੁਪਏ ਖ਼ਰਚ ਹੋਣਗੇ।

Leave a Reply