ਜ਼ੀਰਾ ਸ਼ਰਾਬ ਫੈਕਟਰੀ: ਮੋਰਚੇ ‘ਚ ਜਾਨ ਗੁਆਉਣ ਵਾਲੇ ਰਾਜਵੀਰ ਸਿੰਘ ਨੂੰ ਵੱਡੀ ਗਿਣਤੀ ‘ਚ ਸੰਗਤਾਂ ਨੇ ਦਿੱਤੀ ਸ਼ਰਧਾਂਜਲੀ

ਜ਼ੀਰਾ : ਮਨਸੂਰਵਾਲ ਕਲਾਂ ਸਥਿਤ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਸਾਂਝਾ ਮੋਰਚਾ ਵੱਲੋਂ ਚੱਲ ਰਹੇ ਸੰਘਰਸ਼ ਵਿਚ ਅੱਜ ਸਮੁੱਚੇ ਪੰਜਾਬ ਭਰ ਤੋਂ ਕਿਸਾਨ ਜੱਥੇਬੰਦੀਆਂ, ਸਮਾਜ ਸੇਵੀ, ਬੁੱਧੀਜੀਵੀ ਅਤੇ ਬਹੁਤ ਸਾਰੇ ਵਰਗਾਂ ਦੇ ਅਗਾਂਹਵਧੂ ਲੋਕਾਂ ਨੇ ਹਾਜ਼ਰੀ ਲਵਾਈ। ਬੀਤੇ ਦਿਨੀਂ ਮਨਸੂਰਵਾਲ ਕਲਾਂ ਦੇ ਰਾਜਵੀਰ ਸਿੰਘ ਨੌਜਵਾਨ ਦੀ ਮੌਤ ਹੋ ਗਈ ਸੀ। ਰਾਜਵੀਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਜੱਥੇਬੰਦੀਆਂ ਅਤੇ ਸਾਂਝੇ ਮੋਰਚੇ ਵੱਲੋਂ ਅੱਜ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਵਿਚ ਅਮੀਤੋਜ ਮਾਨ, ਲੱਖਾ ਸਿਧਾਣਾ, ਸੁਰਜੀਤ ਸਿੰਘ ਫੂਲ, ਪਰਮਜੀਤ ਕੌਰ ਮੁਦੱਕੀ, ਮਹਾਂਵੀਰ ਸਿੰਘ ਗਿੱਲ, ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ, ਹਰਦੀਪ ਸਿੰਘ, ਡਾ. ਬਲਵਿੰਦਰ ਔਲਖ, ਮਹਾਂਵੀਰ ਗਿੱਲ, ਕੁਲਦੀਪ ਸਿੰਘ ਸਰਾਂ, ਕੁਲਦੀਪ ਸਿੰਘ ਖੁਖਰਾਣਾ, ਧੰਨਾ ਗੋਇਲ, ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਕਲਾਂ, ਫਤਿਹ ਸਿੰਘ ਢਿੱਲੋਂ, ਗੁਰਜੰਟ ਸਿੰਘ ਸਰਪੰਚ ਰਟੋਲ, ਸੇਵਕ ਸਿੰਘ ਨੰਬਰਦਾਰ ਅਤੇ ਪੰਜਾਬ ਭਰ ਤੋਂ ਪਹੁੰਚੀਆਂ ਸਖਸ਼ੀਅਤਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਵਿਚ ਸ਼ਰਾਬ ਜਿਹੀਆਂ ਖ਼ਤਰਨਾਕ ਕੈਮੀਕਲ ਵਾਲੀਆਂ ਫੈਕਟਰੀਆਂ ਲਗਾ ਕੇ ਸਾਡੇ ਕੁਦਰਤੀ ਵਾਤਾਵਾਰਨ ਨੂੰ ਗੰਧਲਾ ਕੀਤਾ ਹੈ ਤੇ ਅਜਿਹੀਆਂ ਫੈਕਟਰੀਆਂ ਦੀਆਂ ਚਿਮਨੀ ‘ਚੋਂ ਖ਼ਤਰਨਾਕ ਧੂੰਆਂ ਨਿਕਲਣ ਨਾਲ ਬਿਮਾਰੀਆਂ ਭਿਆਨਕ ਰੂਪ ਧਾਰਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਕੁਦਰਤੀ ਪਾਣੀ ਮਨੁੱਖਤਾ ਦੇ ਜੀਵਨ ਲਈ ਅਹਿਮ ਅੰਗ ਹੈ, ਕਿਉਂਕਿ ਪਾਣੀ ਤੋਂ ਬਿਨਾ ਮਨੁੱਖ ਦਾ ਜੀਵਨ ਹੀ ਨਹੀਂ ਹੈ। ਜਿਵੇਂ ਕਿ ਫੂਡ ਪ੍ਰੋਸੈਸਿੰਗ ਦਾ ਫੈਕਟਰੀਆਂ ਲਗਾਈਆਂ ਜਾਂਦੀਆਂ, ਪਰ ਸ਼ਰਤ ਕਿ ਫੈਕਟਰੀਆਂ ਵਾਤਾਵਰਨ ਨੂੰ ਗੰਧਲਾ ਨਾ ਕਰਨ ਅਤੇ ਲੋਕ ਜਰੂਰਤਾਂ ਪੂਰੀਆਂ ਕਰਨ ਤਾ ਸਾਨੂੰ ਕੋਈ ਇਤਰਾਜ ਨਾ ਹੁੰਦਾ, ਪਰ ਸੂਬੇ ਵਿਚ ਨਸ਼ੇ ਦੀਆਂ ਫੈਕਟਰੀਆਂ ਲਗਾ ਕੇ ਸਿਰਫ ਆਪਣਾ ਪੈਸਾ ਕਮਾਉਣ ਦੇ ਮਨੋਰਥ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀਆਂ ਜਿੰਦਗੀਆਂ ਨਾਲ  ਲਿਖਵਾੜ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਰਾਜਵੀਰ ਸਿੰਘ ਦੇ ਪਰਿਵਾਰ ਦਾ ਕਰਜਾ ਮੁਆਫ਼ ਕੀਤਾ ਜਾਵੇ ਅਤੇ ਮਾਲੀ ਸਹਾਇਤਾ ਦੇ ਨਾਲ  ਨਾਲ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਸਮੁੱਚੀਆਂ ਜੱਥੇਬੰਦੀਆਂ ਨੇ ਪਰਿਵਾਰ ਨੂੰ ਸਹਿਯੋਗ ਦੀ ਗੱਲ ਵੀ ਕੀਤੀ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਤੁਰੰਤ ਹੱਲ ਕਰੇ, ਵਾਤਾਵਾਰਨ ਨੂੰ ਬਚਾਉਣ ਲਈ ਇਹ ਪੰਜਾਬ ਭਰ ਦਾ ਸੰਘਰਸ਼ ਬਣ ਗਿਆ ਹੈ, ਫੈਕਟਰੀ ਬੰਦ ਹੋਣ ਤੱਕ ਜਾਰੀ ਰਹੇਗਾ। ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਹਾਜ਼ਰੀ ਲਗਵਾਈ ਗਈ, ਜਿਸ ਵਿਚ ਲੰਗਰ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Leave a Reply