ਤਿੰਨ ਨੌਜਵਾਨਾਂ ਨੇ ਪਾਰਸਲ ਦੇਣ ਆਏ ਮੁੰਡੇ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਸਮਾਨ ਵਾਲਾ ਬੈਗ ਲੁੱਟਿਆ

ਦੋਦਾ : ਅੱਜ ਬਾਅਦ ਦੁਪਿਹਰ ਪਿੰਡ ਕਾਉਣੀ ਦੀ ਦਾਣਾ ਮੰਡੀ ’ਚ ਤਿੰਨ ਨੌਜਵਾਨਾਂ ਵੱਲੋਂ ਇਕ ਐਮਾਜੋਨ ਕੰਪਨੀ ਤੋਂ ਪਾਰਸਲ ਦੇਣ ਆਏ ਲੜਕੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਲੁੱਟਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨਵਜੋਤ ਰਾਮ ਪੁੱਤਰ ਪਰਮਜੀਤ ਰਾਮ ਵਾਸੀ ਪਿੰਡ ਖਿੜਕੀਆਂ ਵਾਲਾ ਜੋ ਕਿ ਐਮਾਜ਼ੋਨ ਕੰਪਨੀ ਦੇ ਆਏ ਪਾਰਸਲ ਵੰਡਣ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਉਸ ਕੋਲ ਹਰਮਹਿਕਦੀਪ ਸਿੰਘ ਦੇ ਨਾਮ ’ਤੇ ਇਕ ਪਾਰਸਲ ਆਇਆ ਸੀ, ਜਿਸ ਨੂੰ ਦੇਣ ਲਈ ਉਹ ਦਿੱਤੇ ਮੋਬਾਇਲ ਨੰਬਰ ’ਤੇ ਗੱਲ ਕਰਕੇ ਉਨ੍ਹਾਂ ਦੀ ਦੱਸੀ ਜਗ੍ਹਾ ਕਾਲਜ ਰੋਡ ਦਾਣਾ ਮੰਡੀ ਪਿੰਡ ਕਾਉਣੀ ਪਹੁੰਚਿਆਂ ਤਾਂ ਉਥੇ ਪਹਿਲਾਂ ਤੋਂ ਹੀ ਉਕਤ ਨੌਜਵਾਨ ਸਮੇਤ ਕੁਲ ਤਿੰਨ ਵਿਅਕਤੀ ਸੈਂਟਰੋ ਕਾਰ ਕੋਲ ਖੜ੍ਹੇ ਸਨ।

ਇਸ ਦੌਰਾਨ ਜਦੋਂ ਉਹ ਪਾਰਸਲ ਦੇਣ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਬਿਨਾਂ ਕੁਝ ਗੱਲ ਕੀਤਿਆਂ ਹੀ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਮੇਰੀ ਕੁੱਟਮਾਰ ਕਰਕੇ ਮੇਰਾ ਪਾਰਸਲਾਂ ਵਾਲਾ ਬੈਗ ਜਿਸ ਵਿਚ ਲਗਭਗ ਦੋ ਲੱਖ ਰੁਪਏ ਦਾ ਸਮਾਨ ਅਤੇ ਨਗਦ ਰਾਸ਼ੀ ਸੀ ਲੈ ਕੇ ਆਪਣੀ ਸੈਂਟਰੋ ਕਾਰ ਵਿਚ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਉਸ ਵੱਲੋਂ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਦੀ ਮਦਦ ਨਾਲ ਦੋਦਾ ਪੁਲਸ ਚੌਂਕੀ ਪਹੁੰਚ ਕੇ ਸਾਰੀ ਘਟਨਾਂ ਦੀ ਰਿਪੋਰਟ ਲਿਖਵਾਈ।

ਕੀ ਕਹਿਣਾ ਪੁਲਸ ਅਧਿਕਾਰੀ ਦਾ

ਇਸ ਸੰਬੰਧੀ ਜਦੋਂ ਪੁਲਸ ਥਾਣਾ ਕੋਟਭਾਈ ਐੱਸ.ਐੱਚ. ਓ. ਰਮਨ ਕੁਮਾਰ ਕੰਬੋਜ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਿਲ ਗਈ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Leave a Reply