ਕਠੂਆ ਸਮੂਹਿਕ ਜਬਰ ਜਨਾਹ-ਕਤਲ ਮਾਮਲਾ: ਜੰਮੂ ਪੁਲੀਸ ਵੱਲੋਂ ਚਾਰਜਸ਼ੀਟ ਦਾਖ਼ਲ

ਜੰਮੂ/ਨਵੀਂ ਦਿੱਲੀ : ਦੇਸ਼ ਦੀ ਸਰਵਉਚ ਅਦਾਲਤ ਵੱਲੋਂ ਬਾਲਗ ਐਲਾਨੇ ਗਏ ਸ਼ੁਬਮ ਸੰਗਰਾ ਨੂੰ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਰਸਮੀ ਤੌਰ ’ਤੇ ਚਾਰਜਸ਼ੀਟ ਕੀਤਾ ਗਿਆ ਹੈ। ਉਸ ਨੂੰ ਜੰਮੂ ਅਤੇ ਕਸ਼ਮੀਰ ਪੁਲੀਸ ਵਲੋਂ ਸਾਲ 2018 ਵਿੱਚ ਕਠੂਆ ਵਿੱਚ ਅੱਠ ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਪੰਜਾਬ ਦੇ ਪਠਾਨਕੋਟ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਜੰਮੂ ਕਸ਼ਮੀਰ ਅਪਰਾਧ ਸ਼ਾਖਾ ਨੇ ਕਤਲ, ਬਲਾਤਕਾਰ, ਅਗਵਾ ਅਤੇ ਗਲਤ ਢੰਗ ਨਾਲ ਕੈਦ ਕਰਨ ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਆਪਣੀ ਚਾਰਜਸ਼ੀਟ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਅੱਜ ਪੇਸ਼ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਤੈਅ ਕੀਤੀ ਗਈ ਹੈ। ਸੁਪਰੀਮ ਕੋਰਟ ਦੇ 2018 ਦੇ ਹੁਕਮਾਂ ਅਨੁਸਾਰ ਇਸ ਕੇਸ ਦੀ ਸੁਣਵਾਈ ਪਠਾਨਕੋਟ ਦੀ ਸੈਸ਼ਨ ਅਦਾਲਤ ਕਰੇਗੀ ਅਤੇ ਅਪੀਲੀ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੋਵੇਗੀ। ਅਪਰਾਧ ਸ਼ਾਖਾ ਵੱਲੋਂ 22 ਨਵੰਬਰ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੰਗਰਾ ਨੂੰ ਕਠੂਆ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਕਰਾਈਮ ਬ੍ਰਾਂਚ ਦੀ ਚਾਰਜਸ਼ੀਟ ਵਿਚ ਸੰਗਰਾ ਦੀ ਇਸ ਮਾਮਲੇ ਵਿਚ ਕਥਿਤ ਸ਼ਮੂਲੀਅਤ ਦਾ ਵੇਰਵਾ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੰਗਰਾ ਨੇ ਅੱਠ ਸਾਲ ਦੀ ਬੱਚੀ ਨੂੰ ਜ਼ਬਰਦਸਤੀ ਬੇਹੋਸ਼ੀ ਵਾਲੀ ਦਵਾਈ ਪਿਲਾਈ ਜਿਸ ਦੀ ਓਵਰਡੋਜ਼ ਨਾਲ ਉਸ ਦੀ ਹਾਲਤ ਵਿਗੜ ਗਈ।

Leave a Reply