ਬਿਜਲੀ ਬੰਦ ਹੋਣ ਤੋਂ ਪਹਿਲਾਂ ਐੱਸਐੱਮਐੱਸ ਭੇਜਣ ਦੀ ਸੇਵਾ ਸ਼ੁਰੂ
ਜੰਡਿਆਲਾ ਗੁਰੂ: ਇਥੋਂ ਦੇ ਪਾਵਰਕੌਮ ਦਫ਼ਤਰ ਵਿਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਬਿਜਲੀ ਬੰਦ ਹੋਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਐੱਸਐਮਐੱਸ ਰਾਹੀਂ ਖਪਤਕਾਰਾਂ ਨੂੰ ਦੇਣ ਦੀ ਸ਼ੁਰੂਆਤ ਕੀਤੀ ਗਈ। ਬਿਜਲੀ ਮੰਤਰੀ ਨੇ ਕਿਹਾ ਇਸ ਤੋਂ ਪਹਿਲਾਂ ਇਹ ਸੇਵਾ ਬਟਾਲਾ, ਅੰਮ੍ਰਿਤਸਰ ਸ਼ਹਿਰੀ ਅਤੇ ਲੁਧਿਆਣਾ ਵਿੱਚ ਦਿੱਤੀ ਜਾ ਰਹੀ ਹੈ। ਇਸ ਸੇਵਾ ਨੂੰ ਪਾਇਲਟ ਪ੍ਰੋਜੈਕਟ ਵਜੋਂ ਬਟਾਲਾ ਵਿੱਚ ਸ਼ੁਰੂ ਕੀਤਾ ਗਿਆ ਸੀ। ਬਿਜਲੀ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇਸ ਸੇਵਾ ਨੂੰ ਲਾਗੂ ਕਰਨ ਲਈ ਪੀਐਸਪੀਸੀਐਲ ਦੀ ਨਵੀਨਤਾ ਟੀਮ ਪਿਛਲੇ ਕਾਫੀ ਸਮੇਂ ਤੋਂ ਤਿਆਰੀ ਕਰ ਰਹੀ ਸੀ। ਅੱਜ ਜੰਡਿਆਲਾ ਗੁਰੂ ਦੇ ਖਪਤਕਾਰਾਂ ਲਈ ਇਹ ਸੇਵਾ ਰਸਮੀ ਤੌਰ ’ਤੇ ਸ਼ੁਰੂ ਕੀਤੀ ਗਈ। ਇਸ ਵਿੱਚ ਤਿੰਨ ਸਟੇਸ਼ਨਾਂ ਤੋਂ ਚਲਦੇ ਲਗਪਗ 12 ਨੰਬਰ 11 ਕੇਵੀ ਫੀਡਰ ਸ਼ਾਮਿਲ ਕੀਤੇ ਗਏ ਹਨ। ਇਸ ਸੇਵਾ ਦਾ ਜੰਡਿਆਲਾ ਗੁਰੂ, ਮਾਨਾਂਵਾਲਾ, ਦਬੁਰਜੀ, ਏਕਲ ਗੱਡਾ, ਨਿੱਜਰਪੁਰਾ, ਜਹਾਂਗੀਰ, ਭੈਣੀ ਸਿੱਧਵਾਂ, ਅਮਰਕੋਟ, ਰਾਮਪੁਰਾ ਸਮੇਤ 22 ਪਿੰਡਾਂ ਦੇ ਖਪਤਕਾਰਾਂ ਨੂੰ ਲਾਭ ਮਿਲੇਗਾ।