ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਆਪਣੇ ਖਰਚੇ ’ਤੇ ਕਰਵਾਈ ਹਵਾਈ ਯਾਤਰਾ
ਜ਼ੀਰਾ : ਸਰਕਾਰੀ ਸਕੂਲ ਸਿੱਖਿਆ ਵਿਚ ਵੱਖ-ਵੱਖ ਤਜਰਬਿਆਂ ਜ਼ਰੀਏ ਸੁਧਾਰਾਂ ਲਈ ਮਸ਼ਹੂਰ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਕੀਤੀ ਇਕ ਨਵੀਂ ਪਹਿਲ ਇਨਾਂ ਦਿਨਾਂ ਵਿਚ ਕਾਫੀ ਚਰਚਾ ਵਿਚ ਹੈ। ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਅਤੇ ਬਾਕੀਆਂ ਵਿੱਚ ਵੀ ਇਸ ਤਰ੍ਹਾਂ ਦਾ ਜਜ਼ਬਾ ਭਰਨ ਲਈ ਸਕੂਲ ਪ੍ਰਿੰਸੀਪਲ ਨੇ ਸਕੂਲ ਦੀਆਂ ਵਿਦਿਆਰਥਣਾਂ ਭਜਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੂੰ ਆਪਣੇ ਖਰਚੇ ’ਤੇ ਅੰਮ੍ਰਿਤਸਰ ਤੋਂ ਗੋਆ ਹਵਾਈ ਯਾਤਰਾ ਕਰਵਾਈ। ਇਨਾਂ ਦੋਨਾਂ ਵਿਦਿਆਰਥਣਾਂ ਨੇ ਬਾਰ੍ਹਵੀਂ ਜਮਾਤ ਵਿੱਚ ਮੈਰਿਟ ਰੈਂਕ ਪ੍ਰਾਪਤ ਕੀਤਾ ਸੀ।
ਭਜਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਲਈ ਇਹ ਇਕ ਵਿਦਿਅਕ-ਸਹਿ-ਮੌਜ-ਮਸਤੀ ਵਾਲਾ ਟੂਰ ਸੀ। ਉਨ੍ਹਾਂ ਨੇ ਨਵੰਬਰ ਨੂੰ ਗੋਆ ਸਟੇਟ ਇਨੋਵੇਸ਼ਨ ਕਾਉਂਸਿਲ ਰਾਹੀਂ ਕਰਵਾਏ ਇਨੈਕਸ ਐਕਸਪੋ-2022 ਲਈ ਭਜਨਪ੍ਰੀਤ ਦੇ ਪ੍ਰੋਜੈਕਟ ‘‘ਪਰਾਲੀ ਸਾੜਨ ਕਾਰਨ ਮਿੱਟੀ ਦੀ ਸਿਹਤ ਵਿਗੜਦੀ’’ ਲਈ ਚੁਣੇ ਜਾਣ ਤੋਂ ਬਾਅਦ ਗੋਆ ਜਾਣ ਦੀ ਚੋਣ ਕੀਤੀ ਤੇ ਗੋਆ ਵਿਖੇ ਦੁਬਾਰਾ ਬ੍ਰੌਨਜ ਮੈਡਲ ਜਿੱਤਿਆ। 18 ਸਾਲਾ ਭਜਨਪ੍ਰੀਤ ਕੌਰ ਦਾ ਪਿਤਾ ਸਥਾਨਕ ਗੁਰਦੁਆਰੇ ਵਿੱਚ ‘ਗ੍ਰੰਥੀ’ ਵਜੋਂ ਕੰਮ ਕਰਦਾ ਹੈ, ਜਿਸਨੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵਿੱਚ ਸਾਇੰਸ ਸਟਰੀਮ ਵਿੱਚ 98.4% ਪ੍ਰਾਪਤ ਕੀਤੇ ਸਨ ਅਤੇ ਹੁਣ ਬੀਐਸਸੀ ਫਿਜ਼ਿਕਸ ਕਰ ਰਹੀ ਹੈ। ਸਿਮਰਨਜੀਤ ਕੌਰ ਦਾ ਪਿਤਾ ਟਰੱਕ ਮਕੈਨਿਕ ਦੇ ਤੌਰ ’ਤੇ ਕੰਮ ਕਰਦਾ ਹੈ।