ਟਾਪ ਨਿਊਜ਼ਭਾਰਤ

ਕੋਵੈਕਸੀਨ ਨਾਲੋਂ ਵੱਧ ਅਸਰਦਾਰ ਸਾਬਿਤ ਹੋਇਆ ਕੋਵੀਸ਼ੀਲਡ

ਨਵੀਂ ਦਿੱਲੀ: ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਕਰੋਨਾ ਦੇ ਵੱਖ-ਵੱਖ ਸਰੂਪਾਂ ਨਾਲ ਨਜਿੱਠਣ ਦੇ ਮਾਮਲੇ ਵਿਚ ਕੋਵੀਸ਼ੀਲਡ ਟੀਕਾ ਕੋਵੈਕਸੀਨ ਨਾਲੋਂ ਬਿਹਤਰ ਹੈ। ਕਈ ਥਾਵਾਂ ’ਤੇ ਹੋਏ ਅਧਿਐਨ ਵਿਚ ਕੋਵੀਸ਼ੀਲਡ ਜ਼ਿਆਦਾ ਅਸਰਦਾਰ ਟੀਕੇ ਵਜੋਂ ਉੱਭਰਿਆ ਹੈ। ਐਂਟੀਬਾਡੀ (ਵਾਇਰਸ ਨੂੰ ਬੇਅਸਰ ਕਰਨ ਵਾਲਾ ਪ੍ਰੋਟੀਨ) ਬਣਾਉਣ ਦੇ ਪੱਖ ਤੋਂ ਕੋਵੀਸ਼ੀਲਡ ਸਾਰਸ-ਸੀਓਵੀ-2 ਵਾਇਰਸ ਤੇ ਇਸ ਦੇ ਹੋਰਨਾਂ ਸਰੂਪਾਂ ਵਿਰੁੱਧ ਵੱਧ ਅਸਰਦਾਰ ਸਾਬਿਤ ਹੋਇਆ ਹੈ। ਜ਼ਿਕਰਯੋਗ ਹੈ ਕਿ ਕੋਵੈਕਸੀਨ ਨੂੰ ਭਾਰਤ ’ਚ ਵਿਕਸਿਤ ਕੀਤਾ ਗਿਆ ਸੀ। ਇਸ ਅਧਿਐਨ ਦੀ ਹਾਲੇ ਹੋਰਨਾਂ ਮਾਹਿਰਾਂ ਵੱਲੋਂ ਸਮੀਖਿਆ ਕੀਤੀ ਜਾਣੀ ਹੈ। ਅਧਿਐਨ ਮੁਤਾਬਕ ਜਦ ਵੈਕਸੀਨ ਲੈਣ ਤੋਂ ਪਹਿਲਾਂ ਦੇ ਪੱਧਰ ਨਾਲ ਤੁਲਨਾ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੋਵਾਂ ਟੀਕਿਆਂ ਨੇ ਕਾਫ਼ੀ ਐਂਟੀਬਾਡੀ ਬਣਾਉਣ ਵਿਚ ਮਦਦ ਕੀਤੀ ਹੈ। ਪਰ ਕੋਵੀਸ਼ੀਲਡ ਵੱਲੋਂ ਬਣਾਏ ਗਏ ਐਂਟੀਬਾਡੀ ਕੋਵੈਕਸੀਨ ਵੱਲੋਂ ਬਣਾਏ ਗਏ ਐਂਟੀਬਾਡੀ ਨਾਲੋਂ ਜ਼ਿਆਦਾ ਅਸਰਦਾਰ ਤੇ ਲੰਮਾ ਸਮਾਂ ਟਿਕਣ ਵਾਲੇ ਸਨ। ਜੂਨ 2021 ਤੋਂ ਲੈ ਕੇ ਜਨਵਰੀ 2022 ਵਿਚਾਲੇ ਵਿਗਿਆਨੀਆਂ ਨੇ 18-45 ਸਾਲ ਉਮਰ ਦੇ 691 ਜਣਿਆਂ ’ਤੇ ਇਹ ਤਜਰਬਾ ਕੀਤਾ ਸੀ। ਇਹ ਸਾਰੇ ਬੰਗਲੂਰੂ ਤੇ ਪੁਣੇ ਦੇ ਚਾਰ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਨਾਲ ਸਬੰਧਤ ਸਨ। ਇਸ ਅਧਿਐਨ ਵਿਚ ਹਿੱਸਾ ਲੈਣ ਵਾਲੇ ਮਿੱਥੇ ਸਮੇਂ ਵਿਚ ਕੋਵੈਕਸੀਨ ਤੇ ਕੋਵੀਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਦੋ ਥਾਵਾਂ ’ਤੇ ਕਰੋਨਾ ਦੇ ਓਮੀਕਰੋਨ ਸਰੂਪ ਦੀ ਲਹਿਰ 2022 ਦੇ ਸ਼ੁਰੂ ਵਿਚ ਵੈਕਸੀਨ ਦੀ ਦੂਜੀ ਖ਼ੁਰਾਕ ਲੈਣ ਮੌਕੇ ਆਈ ਸੀ, ਤੇ ਇਕ ਥਾਂ ਉਦੋਂ ਆਈ ਸੀ ਜਦ ਵਿਅਕਤੀ ਦੋਵੇਂ ਖ਼ੁਰਾਕਾਂ ਲੈ ਚੁੱਕੇ ਸਨ। ਅਧਿਐਨ ਵਿਚ ਹਿੱਸਾ ਲੈਣ ਵਾਲਿਆਂ ਦੇ ਸੈਂਪਲ ਛੇ ਵੱਖ-ਵੱਖ ਸਮਿਆਂ ’ਤੇ ਐਂਟੀਬਾਡੀ ਵਿਸ਼ਲੇਸ਼ਣ ਲਈ ਲਏ ਗਏ ਸਨ। ਸੈਲੂਲਰ ਵਿਸ਼ਲੇਸ਼ਣ ਲਈ ਚਾਰ ਵਾਰ ਸੈਂਪਲ ਲਏ ਗਏ। ਆਈਆਈਐੱਸਈਆਰ-ਪੁਣੇ ਦੀ ਵਿਗਿਆਨੀ ਵਿਨੀਤਾ ਬਲ ਨੇ ਕਿਹਾ ਕਿ ਨੌਜਵਾਨ ਬਾਲਗ ਆਬਾਦੀ ’ਚ ਕੋਵਿਡ ਟੀਕਿਆਂ ਦਾ ਅਸਰ ਵੱਖ-ਵੱਖ ਰਿਹਾ ਹੈ। –

ਇਸ ਖ਼ਬਰ ਬਾਰੇ ਕੁਮੈਂਟ ਕਰੋ-