ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੂਬੇ ਦੇ ਡੀਜੀਪੀ ਨੂੰ ਦਿੱਤਾ ਹੁਕਮ ਜਸਪ੍ਰੀਤ ਤਲਵਾੜ ਨੂੰ ਕੀਤਾ ਜਾਵੇ ਗ੍ਰਿਫ਼ਤਾਰ

ਚੰਡੀਗੜ੍ਹ : ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨਸੀਐੱਸਸੀ) ਦੇ ਕੋਰਟ ਅਫਸਰ ਨੇ ਪੰਜਾਬ ਦੀ ਸਕੂਲ ਸਿੱਖਿਆ ਵਿਭਾਗ ਦੀ ਪਿ੍ਰੰਸੀਪਲ ਸਕੱਤਰ ਜਸਪ੍ਰੀਤ ਤਲਵਾੜ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਸੂਬੇ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਆਦੇਸ਼ ਦਿੱਤਾ ਹੈ ਕਿ ਪਿ੍ਰੰਸੀਪਲ ਸਕੱਤਰ ਸਿੱਖਿਆ ਨੂੰ ਗਿ੍ਰਫ਼ਤਾਰ ਕਰ ਕੇ 17 ਜਨਵਰੀ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ’ਚ ਕਮਿਸ਼ਨ ਦੇ ਹੈੱਡਕੁਆਰਟਰ ’ਚ ਚੇਅਰਮੈਨ ਵਿਜੇ ਸਾਂਪਲਾ ਸਾਹਮਣੇ ਪੇਸ਼ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਸੂਬੇ ਦੀ ਪਿ੍ਰੰਸੀਪਲ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਸਾਲ 2010 ’ਚ ਜੂਨੀਅਰ ਤੇ ਸਾਧਾਰਨ ਵਰਗ ਦੇ ਪਿ੍ਰੰਸੀਪਲਾਂ ਨੂੰ ਸਿੱਖਿਆ ਅਧਿਕਾਰੀ/ਪਿ੍ਰੰਸੀਪਲਾਂ ਵਜੋਂ ਨਿਯੁਕਤ ਕਰਨ ਦੇ ਮਾਮਲੇ ’ਚ ਸੰਮਨ ਤਾਮੀਲ ਹੋਣ ਦੇ ਬਾਵਜੂਦ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਏ ਸਨ। ਇਸੇ ਲਈ ਕਮਿਸ਼ਨ ਨੇ ਹੁਣ ਉਨ੍ਹਾਂ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਪੰਜਾਬ ਦੇ ਡੀਜੀਪੀ ਨੂੰ ਭੇਜੇ ਪੱਤਰ ’ਚ ਕਮਿਸ਼ਨ ਦੇ ਕੋਰਟ ਅਫਸਰ ਨੇ ਸਾਫ਼ ਤੌਰ ’ਤੇ ਜ਼ਿਕਰ ਕੀਤਾ ਹੈ ਕਿ 2 ਜਨਵਰੀ ਨੂੰ ਕਮਿਸ਼ਨ ਸਾਹਮਣੇ ਸੁਣਵਾਈ ’ਚ ਸ਼ਾਮਲ ਨਾ ਹੋਣ ਕਾਰਨ ਸਕੂਲ ਸਿੱਖਿਆ ਵਿਭਾਗ ਦੀ ਪਿ੍ਰੰਸੀਪਲ ਸਕੱਤਰ ਜਸਪ੍ਰੀਤ ਤਲਵਾੜ ਖ਼ਿਲਾਫ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਤਲਵਾੜ ਨੂੰ ਗਿ੍ਰਫ਼ਤਾਰ ਕਰ ਕੇ 17 ਜਨਵਰੀ ਨੂੰ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਕਮਿਸ਼ਨ ਨੇ ਡੀਜੀਪੀ ਨੂੰ ਇਹ ਦੱਸਣ ਲਈ ਵੀ ਕਿਹਾ ਹੈ ਕਿ ਜੇਕਰ ਆਦੇਸ਼ ਅਮਲ ਨਾ ਕਰਵਾ ਸਕੇ ਤਾਂ ਇਸ ਦਾ ਕਾਰਨ ਜ਼ਰੂਰ ਦੱਸਣ।

Leave a Reply