ਮੇਰੀਆਂ ਦੋ ਯਾਦਾਂ-ਸਤਨਾਮ ਸਿੰਘ ਚਾਹਲ

ਅਜ ਤਕ ਮੈਂ ਆਪਣੀ ਜਿੰਦਗੀ ਬੜੀ ਸਾਦਗੀ ਨਾਲ ਬਤੀਤ ਕਰਦਾ ਆ ਰਿਹਾ ਹਾਂ।ਜਿੰਦਗੀ ਵਿਚ ਕਈ ਉਤਰਾਅ ਚੜਾਅ ਆਏ ਹਨ।ਜਿੰਦਗੀ ਵਿਚ ਕਵੀ ਵਾਰ ਤੰਗੀਆਂ ਤੁਰਛੀਆਂ ਨਾਲ ਦੋ ਚਾਰ ਹੋਣਾ ਵੀ ਪਿਆ ਹੈ।ਮੇਰੀ ਹਮੇਸ਼ਾਂ ਸੋਚ ਰਹੀ ਹੈ ਕਿ ਜਹਿੜੇ ਲੋਕ ਸਾਦਾ ਜੀਵਨ ਅਪਣਾਉਂਦੇ ਹਨ, ਉਹ ਸਦਾ ਸੌਖੇ ਰਹਿੰਦੇ ਹਨ। ਤੁਸੀਂ ਦੇਖੋ ਅਸੀਂ ਸਾਰੇ ਇਕ ਦੂਜੇ ਤੋਂ ਰੰਗ-ਰੂਪ ਅਤੇ ਹੋਰ ਕਈ ਗੁਣਾਂ ’ਚ ਵੱਖਰੇ ਹਾਂ ਪਰ ਇਸ ਦੇ ਬਾਵਜੂਦ ਸਭ ਇਨਸਾਨ ਹਾਂ। ਇਸ ਲਈ ਜਹਿਨ੍ਹਾਂ ਨੇ ਆਪਣੇ ਮਨ, ਬੁੱਧੀ ਨੂੰ ਸ਼ਿੰਗਾਰ ਲਿਆ ਉਨ੍ਹਾਂ ਨੂੰ ਕਿਸੇ ਫੈਸ਼ਨ ਦੀ ਲੋੜ ਨਹੀਂ ਪੈਂਦੀ।ਇਸ ਦੁਨੀਆ ’ਤੇ ਕਿਸੇ ਚੀਜ਼ ਦਾ ਅੰਤ ਨਹੀਂ। ਅੱਤ ਦੀ ਗ਼ਰੀਬੀ ਅਤੇ ਅੱਤ ਦੀ ਅਮੀਰੀ ਇੱਥੇ ਦੇਖੀ ਜਾ ਸਕਦੀ ਹੈ। ਮੈਂ ਹਮੇਸ਼ਾਂ ਹਰ ਕੰਮ ’ਚ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦਾ ਯਤਨ ਕੀਤਾ ਹੈ।
ਕਈ ਵਾਰ ਤੁਹਾਡੇ ਵਲੋਂ ਕੀਤਾ ਗਿਆ ਛੋਟਾ ਜਿਹਾ ਨੇਕ ਕੰਮ ਤੁਹਾਡੀ ਖੁਸ਼ੀ ਨੂੰ ਉਮਰ ਭਰ ਆਪਣੇ ਆਪ ਤੇ ਮਾਣ ਮਹਸਿੂਸ ਕਰਵਾਉਂਦਾ ਰਹਿੰਦਾ ਹੈ।ਮੇਰੇ ਜੀਵਨ ਵਿਚ ਕੋਈ ਤਿੰਨ ਦਹਾਕੇ ਪਹਿਲਾਂ ਦੋ ਛੋਟੀਆਂ ਛੋਟੀਆਂ ਘਟਨਾਵਾਂ ਮੇਰੀ ਅਜ ਵੀ ਖੁਸ਼ੀ ਤੇ ਆਪਣੇ ਆਪ ਉਪਰ ਮਾਣ ਮਹਿਸੂਸ ਕਰਵਾਉਂਦੀ ਰਹਿੰਦੀਆਂ ਹੈ।ਉਦਾਹਰਣਾਂ ਭਾਵੇਂ ਬਹੁਤ ਛੋਟੀਆਂ ਹਨ ਪਰ ਇਹਨਾਂ ਘਟਨਾਵਾਂ ਨੂੰ ਯਾਦ ਕਰਕੇ ਮੈਨੂੰ ਅਜ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰਵਾਉਂਦੀਆਂ ਰਹਿੰਦੀਆਂ ਹਨ।ਪਹਿਲੀ ਗੱਲ ਉਸ ਵੇਲੇ ਦੀ ਹੈ ਜਦੋਂ ਸ: ਸੁਖਦੇਵ ਸਿੰਘ ਢੀਂਡਸਾ ਪੰਜਾਬ ਰਾਜ ਬਿਜਲੀ ਬੋਰ ਦੇ ਚੇਅਰਮੈਂਨ ਹੋਇਆ ਕਰਦੇ ਸਨ।ਉਧਰ ਮੇਰੇ ਗੁਆਂਡੀ ਲੰਬੇ ਪਿੰਡ ਦੇ ਰਹਿਣ ਵਾਲੇ ਬਹੁਤ ਸਾਰੇ ਲੋਕ ਮੇਰਾ ਸਤਿਕਾਰ ਕਰਦੇ ਸਨ।ਜਦ ਢੀਂਡਸਾ ਸਾਹਿਬ ਦੇ ਜਲੰਧਰ ਆਉਣ ਦਾ ਪਤਾ ਲੱਗਾ ਤਾਂ ਲੰਬੇ ਪਿੰਡ ਦੇ ਲੋਕ ਇਕੱਠੇ ਹੋ ਕੇ ਮੇਰੇ ਪਾਸ ਆਏ ਤੇ ਕਹਿਣ ਲਗੇ ਉਹਨਾਂ ਦੇ ਪਿੰਡ ਦਾ ਬਿਜਲੀ ਨਾਲ ਸਬੰਧਤ ਕੰਮ ਹੈ ਇਸ ਲਈ ਤੁਸੀਂ ਸਾਡਾ ਕੰਮ ਕਰਵਾ ਕੇ ਦਿਉ।ਮੈਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਜਲੰਧਰ ਬਿਜਲੀ ਬੋਰਡ ਦੇ ਉਸ ਗੈਸਟ ਹਾਊਸ ਵਿਚ ਲੈ ਗਿਆਂ ਜਿਥੇ ਢੀਂਡਸਾ ਸਾਹਿਬ ਠਹਿਰੇ ਹੋਏ ਸਨ।ਫਤਹਿ ਬੁਲਾ ਕੇ ਅਸੀਂ ਸਾਰੇ ਉਹਨਾਂ ਕੋਲ ਬੈਠ ਕੇ ਬਿਜਲੀ ਦੀ ਸਾਰੀ ਸਮੱਸਿਆ ਬਾਰੇ ਦਸਿਆ ਤਾਂ ਉਹਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਭ ਤੋਂ ਪਹਿਲਾਂ ਲੰਬੇ ਪਿੰਡ ਦੇ ਲੋਕਾਂ ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਰਿਪੋਰਟ ਕਰਨ।ਮੇਰੇ ਸਮੇਤ ਸਾਰੇ ਨਗਰ ਨਿਵਾਸੀ ਕਾਫੀ ਲੰਬੇ ਤੋਂ ਲਟਕਿਆਂ ਹੋਇਆ ਬਿਜਲੀ ਦੀ ਸਮੱਸਿਆ ਹੱਲ ਹੋਣ ਤੇ ਪਿੰਡ ਦੇ ਸਾਰੇ ਲੋਕ ਮੇਰਾ ਧੰਨਵਾਦ ਕਰਦੇ ਹੋਏ ਆਪਣੇ ਘਰਾਂ ਨੂੰ
ਚਲੇ ਗਏ।ਦੋ ਕੁ ਦਿਨਾਂ ਬਾਅਦ ਉਹਨਾਂ ਪਿੰਡ ਵਾਸੀਆਂ ਨੇ ਚੌਦਾਂ ਹਜਾਰ ਰੂਪੈ ਦੀ ਰਕਮ ਇਕੱਠੀ ਕਰਕੇ ਮੇਰੇ ਘਰ ਦੇ ਗਏ।ਮੇਰੀ ਘਰ ਵਾਲੀ ਘਰ ਸੀ।ਉਸਨੇ ਪਿੰਡ ਵਾਸੀਆਂ ਕੋਲੋਂ ਵਾਰ ਵਾਰ ਇਹ ਪੁਛਣ ਦੀ ਬਹੁਤ ਕੋਸ਼ਿਸ਼ ਕਿ ਇਹ ਪੈਸੇ ਕਿਸ ਕੰਮ ਲਈ ਹਨ।ਪਿੰਡ ਵਾਸੀਆਂ ਨੇ ਜਵਾਬ ਦਿਤਾ ਕਿ ਇਹ ਰਕਮ ਤੁਸੀਂ ਚਾਹਲ ਸਾਹਿਬ ਨੂੰ ਦੇ ਦਿਊ ਅਸੀਂ ਆਪੇ ਹੀ ਉਹਨਾਂ ਨਾਲ ਗਲ ਕਰ ਲਵਾਂਗੇ।ਜਦ ਮੈਂ ਦਸੰਬਰ ਮਹੀਨੇ ਦੀ ਠੰਡੀ ਰਾਤ ਨੂੰ ਆਪਣੇ ਘਰ ਪਹੁੰਚਿਆ ਤੇ ਕਾਰ ਖੜੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਮੇਰੀ ਪਤਨੀ ਨੇ ਇਹਨਾਂ ਪੈਸਿਆਂ ਬਾਰੇ ਦਸਿਆ ਤਾਂ ਮੇਰਾ ਮੱਥਾ ਉਸ ਵਕਤ ਠਣਕ ਕਿ ਉਹ ਕਿਸ ਮਤਲਬ ਲਈ ਇਹ ਪੈਸੇ ਦੇ ਕੇ ਗਏ ਹਨ।ਸੱਚ ਜਾਣੋ! ਉਸ ਰਾਤ ਮੇਰੇ ਘਰ ਪਏ ਹੋਏ ਪੈਸਿਆਂ ਦੇ ਕਾਰਣ ਮੈਂ ਸਾਰੀ ਰਾਤ ਸੌਂ ਨਹੀ ਸਕਿਆ ।ਤੜਕੇ ਉਠ ਕੇ ਮੈਂ ਆਪਣੀ ਗਡੀ ਬਾਹਰ ਕੱਡੀ ਤੇ ਆਪਣੀ ਪਤਨੀ ਕੋਲੋਂ ਇਹ ਚੌਦਾਂ ਹਜਾਰ ਰੂਪੈ ਦੀ ਰਕਮ ਲੈ ਕੇ ਲੰਬੇ ਪਿੰਡ ਦੇ ਉਸ ਆਗੂ ਕੋਲ ਜਾ ਪੁਹੰਚਿਆ ਜਿਸ ਵਿਅਕਤੀ ਨੇ ਇਹਨਾਂ ਦਾ ਇੰਤਜਾਮ ਕਰਕੇ ਇਹਨਾਂ ਪੈਸਿਆਂ ਨੂੰ ਮੇਰੇ ਘਰ ਪਹੰਚਾਇਆ ਸੀ।ਇਤਨੀ ਸੰਘਣੀ ਧੁੰਦ ਵਿਚ ਉਹ ਸੱਜਣ ਮੈਨੂੰ ਆਪਣੇ ਘਰ ਵੇਖ ਕੇ ਘਬਰਾ ਗਿਆ।ਜਦ ਮੈਂ ਇਹਨਾਂ ਵਲੋਂ ਮੇਰੇ ਘਰ ਇਹ ਪੈਸੇ ਦੇਣ ਦਾ ਕਾਰਣ ਪੁਛਿਆ ਤਾਂ ਮੈਨੂੰ ਕਹਿਣ ਲਗਾ ਕਿ ਇਹ ਤੁਹਾਡੀ ਕਾਰ ਦੇ ਤੇਲ ਪਾਣੀ ਲਈ ਹਨ ਮੈਂ ਉਸਨੂੰ ਇਹ ਕਹਿ ਕੇ ਪੈਸੇ ਵਾਪਸ ਕਰ ਦਿਤੇ ਕਿ ਮੈਨੂੰ ਇਹੋ ਜਿਹੇ ਤੇਲ ਪਾਣੀ ਦੀ ਲੋੜ ਨਹੀਂ ਹੈ।ਮੇਰੀ ਕਾਰ ਤੁਹਾਡੇ ਲਈ ਪਹਿਲਾਂ ਵੀ ਕੰਮਾਂ ਕਾਰਾਂ ਲਈ ਜਾਂਦੀ ਸੀ ਤੇ ਅਗੇ ਵਾਸਤੇ ਵੀ ਜਾਵੇਗੀ।ਜਦ ਮੈਂ ਪੈਸੇ ਵਾਪਿਸ ਦੇ ਕੇ ਆਇਆ ਤਾਂ ਘਰ ਪਹੁੰਚ ਕੇ ਮੈਂ ਸੁਖ ਦਾ ਸਾਹ ਲਿਆ ਤੇ ਮੈਂ ਆਪਣੀ ਪਤਨੀ ਨੂੰ ਤਾੜਨਾ ਕੀਤੀ ਕਿ ਉਹ ਅਗੇ ਵਾਸਤੇ ਇਸ ਕਿਸਮ ਦੀ ਸ਼ਕੀ ਰਕਮ ਬਿਲਕੁਲ ਕਬੂਲ ਨਾ ਕਰੇ।
ਦੂਸਰੀ ਕਹਾਣੀ ਵੀ ਲਗਭਗ ਇਸੇ ਹੀ ਸਮੇਂ ਦੀ ਹੈ। ਦਸੰਬਰ ਮਹੀਨੇ ਦੀ ਠੰਡੀ ਰਾਤ ਨੂੰ ਸਾਡੇ ਘਰ ਕਿਸੇ ਨੇ ਅਵਾਜ ਮਾਰੀ ਤਾਂ ਮੈਂ ਜਦ ਗੇਟ ਤੇ ਪਹੁੰਚਿਆ ਤਾਂ ਗੇਟ ਉਪਰ ਇਕ ਨੌਜਵਾਨ ਔਰਤ ਤੇ ਇਕ ਛੋਟਾ ਜਿਹਾ ਉਹ ਮੁੰਡਾ ਵੀ ਖੜਾ ਸੀ ਜਿਹੜਾ ਉਸ ਔਰਤ ਨੂੰ ਸਾਡੇ ਘਰ ਲੈ ਕਿ ਆਇਆ ਸੀ।ਲੜਕੀ ਨੇ ਦਸਿਆ ਕਿ ਉਹ ਪਠਾਨਕੋਟ ਵਿਚ ਕਾਲਜ ਦੀ ਪ੍ਰੋਫੈਸਰ ਹੈ ਤੇ ਉਸਦੀ ਬਸ ਨਾ ਮਿਲਣ ਕਰਕੇ ਉਹ ਰਾਤ ਸਾਡੇ ਘਰ ਠਹਿਰਨਾ ਚਾਹੁੰਦੀ ਹੈ । ਮੈਂ ਉਸਦੇ ਨਾਲ ਆਏ ਮੁੰਡੇ ਨੂੰ ਵਾਪਸ ਮੋੜ ਦਿਤਾ ਤੇ ਤੁਰੰਤ ਉਸ ਲੜਕੀ ਲਈ ਹੀਟਰ ਤੇ ਬਿਸਤਰੇ ਆਦਿ ਦਾ ਪ੍ਰਬੰਦ ਕਰਨ ਲਗ ਪਿਆ ਮੇਰੀ ਪਤਨੀ ਉਸ ਲੜਕੀ ਲਈ ਗਰਮ ਖਾਣਾ ਤਿਆਰ ਕਰਨ ਲਈ ਰਸੋਈ ਵਿਚ ਪਹੁੰਚ ਗਈ।ਜਦ ਉਸ ਲੜਕੀ ਨੇ ਥੋੜਾ ਸੁਖ ਦਾ ਸਾਹ ਲਿਆ ਤਾਂ ਉਸਨੇ ਮੈਨੂੰ ਦਸਿਆ ਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਪੁਛਿਆ ਕਿ ਉਸਨੇ ਰਾਤ ਕਟਣੀ ਹੈ ਇਸ ਲਈ ਸਭ ਤੋਂ ਸੁਰਿਖਅਤ ਥਾਂ ਕਿਹੜਾ ਹੋ ਸਕਦਾ ਹੈ।ਉਸਨੂੰ ਮਿਲੇ ਲੋਕਾਂ ਨੇ ਸਾਡੇ ਘਰ ਉਸ ਔਰਤ ਨੂੰ ਇਕ ਛੋਟੇ ਜਿਹੇ ਮੁੰਡੇ ਨਾਲ ਭੇਜ ਦਿਤਾ।ਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਹ ਵੀ ਉਸ ਲੜਕੀ ਨਾਲ ਸੌਂ ਜਾਵੇ।ਸਵੇਰ ਹੋਈ , ਆਲੂਆਂ ਦੇ ਗਰਮ ਗਰਮ ਪਰੌਠੇ ਬਹੁਤ ਹੀ ਸਵਾਦਲੀ ਚਾਹ ਨਾਲ ਖਾਧੇ।ਮੇਰੇ ਪੁਛਣ ਤੇ ਉਸ ਲੜਕੀ ਨੇ ਦਸਿਆ ਕਿ ਉਸਦੇ ਫਗਵਾੜੇ ਦੇ ਕੋਲ ਪਿੰਡ ਹਰਦਾਸਪੁਰ ਵਿਚ ਨਾਨਕੇ ਹਨ ਤੇ ਉਹ ਆਪਣੇ ਨਾਨਕੇ ਪਿੰਡ ਰਹਿੰਦੀ ਹੈ।ਉਸਨੇ ਮੈਨੂੰ ਕਿਹਾ ਕਿ ਮੈਂ ਉਸਨੂੰ ਉਸਦੇ ਨਾਨਕੇ ਪਿੰਡ ਛਡ ਆਵਾਂ।ਮੈਂ ਆਪਣੀ ਕਾਰ ਨੂੰ ਬਾਹਰ ਕਢਿਆ ਤਾਂ ਮੈਂ ਉਸ ਲੜਕੀ ਨੂੰ ਕਾਰ ਦੀ ਪਿਛਲੀ ਸੀਟ ਤੇ ਬੈਠਣ ਲਈ ਕਿਹਾ ।ਉਹ ਸਮਝ ਗਈ ਕਿ ਮੈਂ ਉਸਨੂੰ ਪਿਛਲੀ ਸੀਟ ਤੇ ਬੈਠਣ ਲਈ ਕਿਉਂ ਕਹਿ ਰਿਹਾ ਹਾਂ ।ਮੇਰੀ ਗਲ ਸੁਣ ਕੇ ਉਹ ਝਟਪੱਟ ਅਗਲੀ ਸੀਟ ਤੇ ਮੇਰੇ ਨਾਲ ਬੈਠ ਕੇ ਕਹਿਣ ਲਗੀ ਕਿ ਭਾਅ ਜੀ! ਮੈਨੂੰ ਤੁਹਾਡੇ ਉਪਰ ਰੱਬ ਜਿਤਨਾ ਵਿਸ਼ਵਾਸ਼ ਹੈ।ਖੈਰ ਮੈਂ ਉਸਨੂੰ ਉਸਦੇ ਨਾਨਕੇ ਪਿੰਡ ਪਹੁੰਚਾ ਦਿਤਾ।ਉਸ ਲੜਕੀ ਦੇ ਨਾਨਕਿਆਂ ਨਾਲ ਮੁਢਲੀ ਜਾਣਕਾਰੀ ਤੋਂ ਬਾਅਦ ਮੈਂ ਵਾਪਿਸ ਜਾਣ ਦੀ ਆਗਿਆ ਮੰਗੀ।ਉਹ ਲੜਕੀ ਸਾਡੇ ਘਰ ਕਦੀ ਕਦੀ ਮਿਲਣ ਨੂੰ ਆਉਂਦੀ ਰਹੀ ਤੇ ਫਿਰ ਉਸਦੀ ਸ਼ਾਦੀ ਹੋ ਜਾਣ ਤੋਂ ਬਾਅਦ ਉਹ ਸਾਨੂੰ ਮਿਲਣ ਲਈ ਨਹੀਂ ਆਈ।ਇਹ ਮੇਰੀਆਂ ਯਾਦਾਂ ਭਾਵੇਂ ਬਹੁਤ ਵਧੀਆਂ ਨਹੀਂ ਸਨ ਪਰ ਇਹ ਸਾਰੀਆਂ ਗੱਲਾਂ ਮੇਰੇ ਦਿਲ ਦਿਮਾਗ ਵਿਚ ਹਮੇਸ਼ਾਂ ਘੁੰਮਦੀਆਂ ਰਹਿੰਦੀਆਂ ਹਨ ਜਿਹੜੀ ਕਿ ਮੇਰੇ ਆਪਣੇ ਲਈ ਇਹ ਪਰੇਰਨਾ ਸਰੋਤ ਬਣੀਆਂ ਰਹਿੰਦੀਆਂ ਹਨ

Leave a Reply

error: Content is protected !!