ਨਿਊਯਾਰਕ ਦੇ ਦੋ ਵੱਡੇ ਹਸਪਤਾਲਾਂ ਦੀਆਂ ਤਕਰੀਬਨ 7,000 ਨਰਸਾਂ ਹੜਤਾਲ ‘ਤੇ ਗਈਆਂ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਦੋ ਸਭ ਤੋਂ ਵੱਡੇ ਹਸਪਤਾਲਾਂ ਦੀਆਂ ਤਕਰੀਬਨ 7,000 ਨਰਸਾਂ ਨੇ ਤਨਖਾਹ ਅਤੇ ਸਟਾਫ਼ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਹੜਤਾਲ ਕਰ ਦਿੱਤੀ। ਇਸ ਤੋਂ ਪਹਿਲਾਂ ਸਬੰਧਤ ਹਸਪਤਾਲ ਪ੍ਰਸ਼ਾਸਨਾਂ ਨਾਲ ਉਨ੍ਹਾਂ ਦੀ ਗੱਲਬਾਤ ਅਸਫ਼ਲ ਰਹੀ ਸੀ। ਬ੍ਰੌਂਕਸ ਦੇ ਮੋਂਟੇਫਿਓਰ ਮੈਡੀਕਲ ਸੈਂਟਰ ਦੀਆਂ 3,500 ਨਰਸਾਂ ਅਤੇ ਮੈਨਹਟਨ ਦੇ ਮਾਊਂਟ ਸਿਨਾਈ ਹਸਪਤਾਲ ਦੀਆਂ ਲਗਭਗ 3,600 ਨਰਸਾਂ ਹੜਤਾਲ ‘ਤੇ ਗਈਆਂ ਹਨ। ਇਸ ਹੜਤਾਲ ਨਾਲ ਮਰੀਜ਼ਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਨਿਊਯਾਰਕ ਸਟੇਟ ਨਰਸ ਐਸੋਸੀਏਸ਼ਨ ਨੇ ਕਿਹਾ ਕਿ ਉਹ ਹੜਤਾਲ ‘ਤੇ ਨਹੀਂ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਹਸਪਤਾਲਾਂ ਵਿੱਚ ਲੰਮੇ ਸਮੇਂ ਤੋਂ ਸਟਾਫ਼ ਦੀ ਘਾਟ ਹੈ, ਜਿਸ ਕਾਰਨ ਉਨ੍ਹਾਂ ’ਤੇ ਕੰਮ ਦਾ ਬੋਝ ਵਧ ਗਿਆ ਹੈ। ਸੰਗਠਨ ਨੇ ਐਤਵਾਰ ਦੇਰ ਰਾਤ ਜਾਰੀ ਬਿਆਨ ‘ਚ ਕਿਹਾ ਕਿ ਹਸਪਤਾਲ ਦੇ ਮਾਲਕਾਂ ਨੇ ਸਟਾਫ਼ ਦੀ ਕਮੀ ਨੂੰ ਦੂਰ ਕਰਨ ਦੇ ਉਨ੍ਹਾਂ ਦੇ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗਵਰਨਰ ਕੈਥੀ ਹੋਚੁਲ ਨੇ ਐਤਵਾਰ ਦੇਰ ਰਾਤ ਯੂਨੀਅਨ ਅਤੇ ਹਸਪਤਾਲਾਂ ਨੂੰ ਵਿਵਾਦ ਦਾ ਹੱਲ ਲੱਭਣ ਦੀ ਅਪੀਲ ਕੀਤੀ।

Leave a Reply

error: Content is protected !!