ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਇਜਲਾਸ ਨਹੀਂ ਬੁਲਾ ਸਕੀਆਂ ਸੂਬੇ ਦੀਆਂ ਪੰਚਾਇਤਾਂ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਸੂਬੇ ਭਰ ਦੀਆਂ ਜ਼ਿਆਦਾਤਰ ਪੰਚਾਇਤਾਂ 31 ਦਸੰਬਰ ਤੱਕ ਗ੍ਰਾਮ ਇਜਲਾਸ ਨਹੀਂ ਬੁਲਾ ਸਕੀਆਂ ਹਨ। ਇਜਲਾਸ ਨਾ ਬੁਲਾਉਣ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ ਕੀਤੀ ਗਈ ਹੈ। ਕਿਸੇ ਨੇ ਕਿਹਾ ਕਿ ਪਿੰਡ ਦੇ ਲੋਕ ਕਣਕ ਦੀ ਸਪਰੇਅ, ਖ਼ਾਦ ਪਾਉਣ ‘ਚ ਰੁੱਝੇ ਹੋਏ ਹਨ ਤਾਂ ਕਿਸੇ ਦਾ ਕਹਿਣਾ ਹੈ ਕਿ ਪਿੰਡ ‘ਚ ਸਮਾਰੋਹ ਕਾਰਨ ਅਜਿਹਾ ਨਹੀਂ ਹੋ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਸਰਕਾਰ ਨੇ ਇਨ੍ਹਾਂ ਪੰਚਾਇਤਾਂ ਨੂੰ 15 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ, ਜੋ ਕਿ ਆਖ਼ਰੀ ਹੋਵੇਗਾ। ਸਰਕਾਰ ਨੇ ਪੰਚਾਇਤਾਂ ਨੂੰ ਸਿੱਧੇ ਤੌਰ ‘ਤੇ ਕਿਹਾ ਹੈ ਕਿ ਜੇਕਰ ਇਜਲਾਸ ਬੁਲਾਉਣ ‘ਚ ਕੋਈ ਲਾਪਰਵਾਹੀ ਦਿਖੀ ਤਾਂ ਇਸ ਦੇ ਜ਼ਿੰਮੇਵਾਰ ਪਿੰਡ ਦੇ ਸਰਪੰਚ ਹੋਣਗੇ ਅਤੇ ਸਰਪੰਚ ਨੂੰ ਸਿੱਧਾ ਮੁਅੱਤਲ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਪੰਚਾਇਤ ਵਿਭਾਗ ਵੱਲੋਂ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਹਰ ਪੰਚਾਇਤ ਲਈ ਇਕ ਸਾਲ ‘ਚ 2 ਵਾਰ ਇਜਲਾਸ ਬੁਲਾਉਣਾ ਜ਼ਰੂਰੀ ਹੋਵੇਗਾ ਅਤੇ ਦਸੰਬਰ ਮਹੀਨੇ ‘ਚ ਆਖ਼ਰੀ ਸਮਾਂ ਦਿੱਤਾ ਗਿਆ ਸੀ। ਪੰਚਾਇਤ ਵਿਭਾਗ ਵੱਲੋਂ ਇਹ ਕਾਰਵਾਈ 5 ਸਾਲਾਂ ‘ਚ ਆਈਆਂ ਗ੍ਰਾਂਟਾਂ ਦੇ ਘਪਲੇ ਦੇ ਖ਼ੁਲਾਸਿਆਂ ਤੋਂ ਬਾਅਦ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਜ਼ਿਆਦਾਤਰ ਪੰਚਾਇਤਾਂ ਵੱਲੋਂ ਇਜਲਾਸ ਨਹੀਂ ਬੁਲਾਇਆ ਗਿਆ ਹੈ।

Leave a Reply