ਸੰਨੀ ਦਿਓਲ ਦੀ ਹਲਕੇ ‘ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ ‘ਲਾਪਤਾ’ ਦੇ ਪੋਸਟਰ

ਸੁਜਾਨਪੁਰ- ਸੁਜਾਨਪੁਰ ਪਿੰਡ ਗੁਗਰਾਂ ਤੋਂ ਫਿਰੋਜ਼ਪੁਰ, ਬਹਿੜੀਆ ਆਦਿ ਪਿੰਡਾਂ ‘ਚੋਂ ਸ਼ੁਰੂ ਹੁੰਦੀ ਅਤੇ ਮਾਧੋਪੁਰ ਵਿਖੇ ਖ਼ਤਮ ਹੁੰਦੀ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਖ਼ਸਤਾ ਹਾਲਤ ‘ਚ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨਾਲ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦੇ ਸੁਜਾਨਪੁਰ ਦੇ ਲੋਕਾਂ ਨੇ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਲੋਕਾਂ ਨੇ ਸੰਸਦ ਮੈਂਬਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ 7.74 ਕਿਲੋਮੀਟਰ ਲੰਮੀ ਸੜਕ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ 548.45 ਲੱਖ ਰੁਪਏ ਦੀ ਲਾਗਤ ਨਾਲ ਹੋਣਾ ਸੀ ਅਤੇ 22 ਸਤੰਬਰ 2021 ਨੂੰ ਨੀਂਹ ਪੱਥਰ ਰੱਖ ਕੇ ਸੰਨੀ ਦਿਓਲ ਨੇ ਇਸ ਦਾ ਉਦਘਾਟਨ ਕੀਤਾ ਸੀ। ਜਿਸ ਨੂੰ ਕਰੀਬ 15 ਮਹੀਨਿਆਂ ਵਿੱਚ ਤਿਆਰ ਕਰਕੇ 21 ਦਸੰਬਰ 2022 ਨੂੰ ਲੋਕਾਂ ਨੂੰ ਸੌਂਪਿਆ ਜਾਣਾ ਸੀ। ਉਕਤ ਸੜਕ ਨੂੰ ਤਿਆਰ ਕਰਕੇ ਲੋਕਾਂ ਦੇ ਹਵਾਲੇ ਕਰਨਾ ਤਾਂ ਦੂਰ ਦੀ ਗੱਲ ਹੈ, ਇਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ।

ਲੋਕਾਂ ਵੱਲੋਂ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਖੀ ਲੋਕਾਂ ਨੇ ‘ਲਾਪਤਾ ਸੰਸਦ ਮੈਂਬਰ ਸੰਨੀ ਦਿਓਲ’ ਦੇ ਪੋਸਟਰ ਵੀ ਵੰਡੇ ਅਤੇ ਸੜਕ ਨਿਰਮਾਣ ਸਮੇਂ ਰੱਖੇ ਗਏ ਨੀਂਹ ਪੱਥਰ ‘ਤੇ ‘ਲਾਪਤਾ ਸੰਸਦ ਮੈਂਬਰ ਸੰਨੀ ਦਿਓਲ’ ਦੇ ਪੋਸਟਰ ਵੀ ਲਾਏ। ਲੋਕਾਂ ਨੇ ਉਕਤ ਸੜਕ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਜਲਦੀ ਨਾ ਕੀਤੇ ਜਾਣ ‘ਤੇ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ।

Leave a Reply