ਡੀਸੀਐਮ ਯੈੱਸ ਸਕੂਲ ਵਿੱਚ ਐਨਆਰਆਈ ਅਤੇ ਇੰਟਰਨੈਸ਼ਨਲ ਸਟੂਡੈਂਟਸ ਫੈਸੀਲੀਟੇਸ਼ਨ ਸੈਂਟਰ ਦੀ ਸ਼ੁਰੂਆਤ
ਲੁਧਿਆਣਾ: ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਤੋਂ ਜਾਣੂ ਕਰਵਾਉਣ ਅਤੇ ਦੋਵਾਂ ਦੇਸ਼ਾਂ ਦੇ ਸੱਭਿਆਚਾਰ ਨਾਲ ਇਕਸੁਰਤਾ ਕਾਇਮ ਕਰਨ ਦੇ ਉਦੇਸ਼ ਨਾਲ ਡੀਸੀਐਮ ਯੰਗ ਐਂਟਰਪ੍ਰੀਨਿਓਰ ਸਕੂਲ ਵਿਖੇ ਐਨਆਰਆਈ ਅਤੇ ਇੰਟਰਨੈਸ਼ਨਲ ਸਟੂਡੈਂਟਸ ਫੈਸੀਲੀਟੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਰਸਮੀ ਉਦਘਾਟਨ ਸਹਾਇਕ ਕਮਿਸ਼ਨਰ ਕਮ-ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਨੇ ਕੀਤਾ। ਸਮਾਗਮ ਵਿੱਚ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਕੁਲਾਰ, ਸ਼ੋਭਨ ਸੋਈ, ਸਤਨਾਮ ਸਿੰਘ, ਡਾ: ਨਰੇਸ਼ ਸਚਦੇਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਸੀਈਓ ਡਾ: ਅਨਿਰੁਧ ਗੁਪਤਾ ਨੇ ਕੀਤੀ |
ਇਸ ਮੌਕੇ ਤੇ ਡੀਨ ਮੀਨਾਕਸ਼ੀ ਸ਼ਰਮਾ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਵੱਲੋਂ ਸ਼ੁਰੂ ਕੀਤੇ ਸੈਂਟਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਡੀ.ਸੀ.ਐਮ ਯੰਗ ਐਂਟਰਪ੍ਰਿਨਿਓਰ ਸਕੂਲ ਦੇਸ਼ ਦਾ ਪਹਿਲਾ ਅਜਿਹਾ ਸਕੂਲ ਹੈ, ਜਿਸ ਵਿੱਚ ਦੇਸ਼-ਵਿਦੇਸ਼ ਦੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਥਾਪਿਤ ਆਪਣੇ ਬੱਚਿਆਂ ਨੂੰ ਭਾਰਤ ਭੇਜਣ ਦੇ ਚਾਹਵਾਨਾਂ ਨੂੰ ਭਾਰਤੀ ਪਾਠਕ੍ਰਮ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਨਾਲ ਜੋੜਿਆ ਜਾਵੇਗਾ।
ਡੀਸੀਐਮ ਵੱਲੋਂ ਚੁੱਕੇ ਗਏ ਇਸ ਵਿਸ਼ੇਸ਼ ਕਦਮ ਦੀ ਸ਼ਲਾਘਾ ਕਰਦਿਆਂ ਮੁੱਖ ਮਹਿਮਾਨ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਜਿਸ ਢੰਗ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਉਹ ਨਿਸ਼ਚਿਤ ਤੌਰ ’ਤੇ ਸ਼ਲਾਘਾਯੋਗ ਹੈ। ਉਨ੍ਹਾਂ ਨੇ ਡੀਸੀਐਮ ਗਰੁੱਪ ਆਫ਼ ਸਕੂਲਾਂ ਦੀ ਇਸ ਪਹਿਲਕਦਮੀ ਨੂੰ ਪ੍ਰਵਾਸੀ ਭਾਰਤੀ ਮਾਪਿਆਂ ਲਈ ਇੱਕ ਸੁਨਹਿਰੀ ਮੌਕਾ ਦੱਸਿਆ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਰਤ ਵਿੱਚ ਆਪਣੀ ਪੜ੍ਹਾਈ ਕਰਨ ।
ਡਾ.ਅਨਿਰੁਧ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀ.ਸੀ.ਐਮ ਯੰਗ ਐਂਟਰਪ੍ਰੀਨਿਓਰ ਸਕੂਲ ਦੀ ਸਥਾਪਨਾ ਭਾਰਤ ਸਰਕਾਰ ਦੇ “ਆਤਮਨਿਰਭਰ ਭਾਰਤ” ਅਤੇ “ਮੇਕ ਇਨ ਇੰਡੀਆ” ਪਹਿਲਕਦਮੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਵਿਸ਼ਵ ਪੱਧਰੀ ਉੱਦਮੀ ਬਣ ਕੇ ਦੇਸ਼ ਦੇ ਵਿਕਾਸ ਵਿੱਚ ਸਹਿਯੋਗ ਦੇ ਸਕਣਗੇ।
ਡਾ: ਨਿਤਿਨ ਅਗਰਵਾਲ ਐਸ.ਐਮ.ਸੀ ਮੈਂਬਰ ਨੇ ਦੱਸਿਆ ਕਿ ਰਵਾਇਤੀ ਸਕੂਲੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਖਗੋਲ ਵਿਗਿਆਨ, ਆਈ.ਟੀ., ਖੇਡਾਂ, ਸੰਗੀਤ ਆਦਿ ਦੇ ਖੇਤਰਾਂ ਵਿੱਚ ਵੀ ਡੀ.ਸੀ.ਐਮ. ਕਨਵੀਨਰ ਪਵਨਦੀਪ ਕੌਰ ਨੇ ਇਸ ਮੌਕੇ ਫੈਸਿਲੀਟੇਸ਼ਨ ਸੈਂਟਰ ਵਿੱਚ ਦਿੱਤੀ ਜਾ ਰਹੀ ਟਰੇਨਿੰਗ ਅਤੇ ਸਿਖਾਈਆਂ ਜਾ ਰਹੀਆਂ ਭਾਸ਼ਾਵਾਂ (ਜਰਮਨ, ਫਰੈਂਚ, ਇਟਾਲੀਅਨ, ਸਪੈਨਿਸ਼) ਬਾਰੇ ਜਾਣਕਾਰੀ ਦਿੱਤੀ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਉਹ ਇੱਥੇ ਸਹੂਲਤਾਂ ਦੇਖ ਕੇ ਇੰਨੇ ਖੁਸ਼ ਹਨ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਕੂਲੀ ਜੀਵਨ ਵਿੱਚ ਅਜਿਹੇ ਪ੍ਰਬੰਧ ਕਦੇ ਵੀ ਦੇਖਣ ਨੂੰ ਨਹੀਂ ਮਿਲੇ ਪਰ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਵਿਦਿਆਰਥੀ ਨੂੰ ਬੌਧਿਕ ਅਤੇ ਮਾਨਸਿਕ ਤੌਰ ’ਤੇ ਪਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਮੌਕੇ ਜੀਐਮ ਹਰਜੀਤ ਸਿੰਘ, ਏਵੀਪੀਓ ਰੁਚਿਕਾ, ਐਕਟੀਵਿਟੀ ਕੋਆਰਡੀਨੇਟਰ ਮੀਰਾ, ਕੋਆਰਡੀਨੇਟਰ ਏਕਤਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।