21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
ਫ਼ਿਰੋਜ਼ਪੁਰ- ਕਰੀਬ 8 ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਸਨ ਡਾ: ਸਾਧੂ ਚੰਦ ਚੌਂਕ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ 21 ਸਾਲ ਦੇ ਕੁਨਾਲ ਚੋਪੜਾ ਪੁੱਤਰ ਹਰੀਸ਼ ਚੰਦਰ ਦੀ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਦੇ ਹੀ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਫਿਰੋਜ਼ਪੁਰ ‘ਚ ਸੋਗ ਦਾ ਮਾਹੌਲ ਹੈ। ਕੁਨਾਲ ਚੋਪੜਾ ਦੇ ਪਿਤਾ ਹਰੀਸ਼ ਚੰਦਰ ਚੋਪੜਾ ਅਤੇ ਮਾਂ ਮਧੂ ਚੋਪੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਫਿਰੋਜ਼ਪੁਰ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਭੇਜਿਆ ਸੀ। ਕੁਨਾਲ ਦੀ ਮਾਂ ਨੇ ਦੱਸਿਆ ਕਿ ਮਰਨ ਤੋਂ ਇਕ ਦਿਨ ਪਹਿਲਾਂ ਕੁਨਾਲ ਨਾਲ ਉਸ ਦੀ ਫ਼ੋਨ ‘ਤੇ ਗੱਲਬਾਤ ਹੋਈ ਸੀ ਤੇ ਉਹ ਇਹੀ ਗੱਲ ਕਹਿੰਦਾ ਸੀ ਕਿ ਚਿੰਤਾ ਨਾ ਕਰੋ, ਤੁਹਾਡਾ ਪੁੱਤਰ ਆਸਟ੍ਰੇਲੀਆ ਗਿਆ ਹੈ। ਉਹ ਤੁਹਾਡੇ ਸਾਰੇ ਦੁੱਖ-ਦਰਦ ਨੂੰ ਦੂਰ ਕਰ ਕੇ ਸਾਰਾ ਕਰਜ਼ਾ ਉਤਾਰ ਦੇਵੇਗਾ।
ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਭੇਜਿਆ ਸੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਕੁਝ ਮਹੀਨਿਆਂ ਬਾਅਦ ਵਾਪਸ ਆਵੇਗੀ। ਪਰਿਵਾਰ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਫਿਰੋਜ਼ਪੁਰ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ।