ਸੀਬੀਆਈ ਨੇ ਸਿਸੋਦੀਆਂ ਦੇ ਦਫ਼ਤਰ ’ਤੇ ਛਾਪਾ ਮਾਰਿਆ
ਨਵੀਂ ਦਿੱਲੀ: CBI ਨੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਅਤੇ ਹੁਣ ਵੀ ਕੁਝ ਨਹੀਂ ਮਿਲੇਗਾ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਾਅਵਾ ਕੀਤਾ, “ਅੱਜ ਫਿਰ ਸੀਬੀਆਈ ਮੇਰੇ ਦਫ਼ਤਰ ਪਹੁੰਚੀ ਹੈ। ਉਸ ਦਾ ਸੁਆਗਤ ਹੈ। ਉਨ੍ਹਾਂ ਨੇ ਮੇਰੇ ਘਰ ਛਾਪਾ ਮਾਰਿਆ, ਮੇਰੇ ਦਫਤਰ ‘ਤੇ ਛਾਪਾ ਮਾਰਿਆ, ਮੇਰੇ ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ਤੱਕ ਵਿੱਚ ਜਾਂਚ ਕਰਾ ਲਈ। ਮੇਰੇ ਖਿਲਾਫ ਨਾ ਕੁਝ ਮਿਲਿਆ ਹੈ, ਨਾ ਮਿਲੇਗਾ, ਕਿਉਂਕਿ ਮੈਂ ਕੁਝ ਗ਼ਲਤ ਨਹੀਂ ਕੀਤਾ ਹੈ। ਈਮਾਨਦਾਰੀ ਨਾਲ ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕੀਤਾ ਹੈ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਗਸਤ ਵਿੱਚ ਸੀਬੀਆਈ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਬਕਾਰੀ ਘੁਟਾਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਈਏਐਸ ਅਧਿਕਾਰੀ ਏ ਗੋਪੀਕ੍ਰਿਸ਼ਨ ਦੇ ਘਰ ਸਮੇਤ 31 ਥਾਵਾਂ ’ਤੇ ਛਾਪੇ ਮਾਰੇ।
ਇਨ੍ਹਾਂ ਵਿੱਚ ਗੋਪੀਕ੍ਰਿਸ਼ਨ ਦੇ ਦੋ ਸਹਿਯੋਗੀ ਅਧਿਕਾਰੀਆਂ ਦੇ ਕਈ ਕਾਰੋਬਾਰੀ ਅਦਾਰੇ ਅਤੇ ਟਿਕਾਣੇ ਸ਼ਾਮਲ ਸਨ। ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਦੀ ਸਿਫਾਰਿਸ਼ ‘ਤੇ ਬਿਊਰੋ ਨੇ 17 ਅਗਸਤ ਨੂੰ ਘਪਲੇ ਵਿੱਚ ਸਿਸੋਦੀਆ ਸਣੇ 15 ਲੋਕਾਂ ਦੇ ਨਾਮ ‘ਤੇ ਐਫਆਈਆਰ ਦਰਜ ਕੀਤੀ ਸੀ। ਦਿੱਲੀ ਤੋਂ ਇਲਾਵਾ ਛੇ ਰਾਜਾਂ ਲਖਨਊ, ਗੁਰੂਗ੍ਰਾਮ, ਮੁੰਬਈ, ਚੰਡੀਗੜ੍ਹ, ਹੈਦਰਾਬਾਦ ਅਤੇ ਬੰਗਲੌਰ ਵਿੱਚ ਛਾਪੇ ਮਾਰੇ ਗਏ। ਸਿਸੋਦੀਆ ‘ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਅਤੇ ਸ਼ਰਾਬ ਕਾਰੋਬਾਰੀਆਂ ਨੂੰ ਨਾਜਾਇਜ਼ ਫਾਇਦਾ ਪਹੁੰਚਾਉਣ ਦਾ ਦੋਸ਼ ਸੀ।