ਪਾਕਿ ਦੇ ਸਾਬਕਾ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਦਾ ਨਿੱਜੀ ਟੈਕਸ ਡਾਟਾ ਲੀਕ, ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ: ਪਾਕਿਸਤਾਨ ਦੀ ਇਸਲਾਮਾਬਾਦ ਦੀ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਦਾ ਵਿਅਕਤੀਗਤ ਟੈਕਸ ਡਾਟਾ ਲੀਕ ਕਰਨ ਦੇ ਦੋਸ਼ ’ਚ ਪੱਤਰਕਾਰ ਸਾਹਿਦ ਅਸਲਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਾਂਚ ਏਜੰਸੀ ਐੱਫ.ਆਈ.ਏ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਪੁੱਛਗਿਛ ਦੇ ਲਈ ਦੋ ਦਿਨ ਦਾ ਸਰੀਰਿਕ ਰਿਮਾਂਡ ਦਾ ਆਦੇਸ਼ ਦਿੱਤਾ।
ਸੂਤਰਾਂ ਅਨੁਸਾਰ ਨਵੰਬਰ 2022 ਵਿਚ ਰਿਟਾਇਰ ਜਨਰਲ ਕਮਰ ਜਾਵੇਦ ਬਾਜਵਾ ਅਤੇ ਉਸ ਦੇ ਪਰਿਵਾਰ ਦੀ ਇਨਕਮ ਟੈਕਸ ਜਾਣਕਾਰੀ ਲੀਕ ਹੋਈ ਸੀ। ਟੈਕਸ ਰਿਟਰਨ ਦੀ ਫੋਟੋ ਡਿਪਟੀ ਕਮਿਸ਼ਨਰ ਦੇ ਕੰਪਿਊਟਰ ਤੋਂ ਲਈ ਗਈ ਸੀ। ਜਾਂਚ ਪੜਤਾਲ ਦੇ ਬਾਅਦ ਐੱਫ.ਆਈ.ਏ ਨੇ ਪੱਤਰਕਾਰ ਅਸਲਮ ਨੂੰ ਗ੍ਰਿਫ਼ਤਾਰ ਕੀਤਾ, ਕਿਉਂਕਿ ਉਸ ਨੇ ਇਹ ਡਾਟਾ ਲੀਕ ਕੀਤਾ ਸੀ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਇਹ ਕਹਿ ਕੇ ਅਦਾਲਤ ਤੋਂ ਸਰੀਰਿਕ ਰਿਮਾਂਡ ਮੰਗਿਆ ਕਿ ਦੋਸ਼ੀ ਨੇ ਡਾਟਾ ਪਾਕਿਸਤਾਨ ਦੇ ਬਾਹਰ ਭੇਜਿਆ ਹੈ।
ਪੱਤਰਕਾਰ ਅਸਲਮ ਦੇ ਵਕੀਲ ਗੁਲਬਾਜ ਮੁਸਤਾਕ ਨੇ ਅਦਾਲਤ ਵਿਚ ਕਿਹਾ ਕਿ ਅਸਲਮ ਨੂੰ ਪਹਿਲਾਂ ਹੀ 24 ਘੰਟੇ ਤੋਂ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਵਕੀਲ ਨੇ ਅਸਲਮ ਦੇ ਵਿਰੁੱਧ ਦਰਜ਼ ਕੇਸ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਜਦਕਿ ਐੱਫ.ਆਈ.ਏ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਮੋਬਾਇਲ ਤੇ ਲੈਪਟਾਪ ਦਾ ਪਾਸਵਰਡ ਵੀ ਨਹੀਂ ਦੇ ਰਿਹਾ ਹੈ, ਜਿਸ ਤੇ ਅਦਾਲਤ ਨੇ ਦੋ ਦਿਨ ਦਾ ਪੁਲਸ ਰਿਮਾਂਰਡ ਦਾ ਆਦੇਸ਼ ਸੁਣਾਇਆ।