ਵਿਆਹ ਤੋਂ 7 ਸਾਲ ਬਾਅਦ ਵੀ ਨਾ ਹੋਇਆ ਬੱਚਾ, ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਲੁਧਿਆਣਾ : ਲੁਧਿਆਣਾ ਦੇ ਰਾਏਕੋਟ ਦੇ ਪਿੰਡ ਤਾਜਪੁਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਵਿਆਹ ਤੋਂ ਸਾਢੇ ਸੱਤ ਸਾਲ ਬਾਅਦ ਵੀ ਬੱਚਾ ਨਾ ਹੋਣ ’ਤੇ ਆਪਣੀ ਪਤਨੀ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰ ਮੁਕਾਇਆ। ਪੁਲਸ ਮੁਤਾਬਕ ਮੁਲਜ਼ਮ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ। ਸਦਰ ਰਾਏਕੋਟ ਪੁਲਸ ਨੇ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।  ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (31) ਦੇ ਰੂਪ ਵਿਚ ਹੋਈ ਹੈ। ਉਸ ਦੀ ਮਾਂ ਅਮਰਜੀਤ ਕੌਰ ਨੇ ਦੋਸ਼ ਲਗਾਇਆ ਕਿ ਬੱਚਾ ਨਾ ਹੋਣ ’ਤੇ ਸ਼ਰਨਜੀਤ ਉਸ ਦੀ ਕੁੱਟਮਾਰ ਕਰਦਾ ਸੀ। 10 ਜਨਵਰੀ ਨੂੰ ਵੀ ਮੁਲਜ਼ਮ ਨੇ ਫਿਰ ਉਸ ਦੀ ਧੀ ਨਾਲ ਕੁੱਟਮਾਰ ਕੀਤੀ ਜਦੋਂ ਉਸ ਦੀ ਧੀ ਨੇ ਉਸ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਸ਼ਰਨਜੀਤ ਨੂੰ ਫੋਨ ਕੀਤਾ। ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ।

ਉਕਤ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਰਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਜਸਵਿੰਦਰ ਕੌਰ ਬਾਥਰੂਮ ਵਿਚ ਡਿੱਗ ਗਈ ਹੈ ਅਤੇ ਉਹ ਬੇਹੋਸ਼ ਹੋ ਗਈ ਹੈ, ਇਸ ਤੋਂ ਬਾਅਦ ਉਹ ਪਿੰਡ ਤਾਜਪੁਰ ਪਹੁੰਚੀ। ਜਿੱਥੇ ਪਹੁੰਚ ਕੇ ਉਸ ਨੇ ਦੇਖਿਆ ਕਿ ਉਸ ਦੀ ਧੀ ਬਿਸਤਰੇ ’ਤੇ ਬੇਹੋਸ਼ ਪਈ ਸੀ। ਉਸ ਦੇ ਮੂੰਹ ਅਤੇ ਨੱਕ ’ਚੋਂ ਝੱਗ ਨਿਕਲ ਰਹੀ ਸੀ। ਪੁੱਛੇ ਜਾਣ ’ਤੇ ਸ਼ਰਨਜੀਤ ਨੇ ਕਿਹਾ ਕਿ ਇਸ ਨੂੰ ਦੌਰਾ ਪਿਆ ਹੈ, ਉਹ ਜਲਦੀ ਹੀ ਨਾਰਮਲ ਹੋ ਜਾਵੇਗੀ। ਜਿਸ ਤੋਂ ਬਾਅਦ ਉਹ ਆਪਣੀ ਧੀ ਨੂੰ ਹਸਪਤਾਲ ਲੈ ਗਈ, ਜਿੱਥੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।

ਕੀ ਕਹਿਣਾ ਹੈ ਪੁਲਸ ਦਾ

ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਮ੍ਰਿਤਕਾ ਦੀ ਮਾਂ ਨੇ ਉਸ ਦੇ ਪਤੀ ’ਤੇ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਬਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਫਰਾਰ ਹੋਣ ਦੀ ਤਿਆਰੀ ਵਿਚ ਸੀ। ਪੁਲਸ ਨੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਦੌਰਾਨ ਉਸ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

error: Content is protected !!