USA ਭੇਜਣ ਦੇ ਨਾਂ ’ਤੇ 20 ਲੱਖ ਠੱਗਣ ਵਾਲਾ ਖ਼ੁਦ ਆਸਟ੍ਰੇਲੀਆ ਪਹੁੰਚ ਗਿਆ

ਫਿਰੋਜ਼ਪੁਰ : ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਲਾਰਾ ਲਗਾ ਕੇ ਉਸ ਕੋਲੋਂ 20 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਦਿਲਚਸਪ ਤੱਥ ਇਹ ਹੈ ਕਿ ਦੋਸ਼ੀ ਉਕਤ ਪੈਸਿਆਂ ਦੇ ਨਾਲ ਖੁਦ ਆਸਟਰੇਲੀਆ ਚਲਾ ਗਿਆ। ਪੀੜਤ ਅਨੁਜ ਸਚਦੇਵਾ ਵਾਸੀ ਅਜ਼ਾਦੀ ਨਗਰ ਨੇ ਦਸੰਬਰ 2019 ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਸੀ ਕਿ ਉਸ ਨੇ ਅਮਰੀਕਾ ਸੈੱਟਲ ਹੋਣ  ਲਈ ਵਿਨੋਦ ਕੁਮਾਰ ਵਾਸੀ ਕਾਂਸ਼ੀ ਨਗਰੀ ਨਾਲ ਸੰਪਰਕ ਕੀਤਾ ਜੋ ਦਿੱਲੀ ਗੇਟ ਵਿਚ ਜੂਸ ਦੀ ਦੁਕਾਨ ਦੇ ਨਾਲ ਟਰੈਵਲ ਏਜੰਸੀ ਦਾ ਕੰਮ ਕਰਦਾ ਸੀ।

ਸ਼ਿਕਾਇਤ ਕਰਤਾ ਅਨੁਸਾਰ ਵਿਨੋਦ ਕੁਮਾਰ ਨੇ ਉਸ ਕੋਲੋਂ ਕੁੱਲ 30 ਲੱਖ ਰੁਪਏ ਦੀ ਮੰਗ ਕੀਤੀ ਜਿਸ ਵਿਚੋਂ 20 ਲੱਖ ਰੁਪਏ ਉਸ ਨੇ ਐਡਵਾਂਸ ਦੇ ਦਿੱਤੇ ਜਦਕਿ ਬਾਕੀ 10 ਲੱਖ ਰੁਪਏ ਅਮਰੀਕਾ ਪਹੁੰਚਣ ਤੋਂ ਬਾਅਦ ਦੇਣੇ ਤੈਅ ਹੋਏ ਸਨ। ਉਸ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਦੋਸ਼ੀ ਉਸਦੇ ਪੈਸਿਆਂ ਨਾਲ ਖੁਦ ਆਸਟਰੇਲੀਆ ਚਲਾ ਗਿਆ। ਥਾਣਾ ਸਿਟੀ ਦੇ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਵਿਨੋਦ ਕੁਮਾਰ ਖ਼ਿਲਾਫ ਧੋਖਾਧੜੀ ਅਤੇ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

Leave a Reply