2024 ’ਚ ਭਾਜਪਾ ਨੂੰ ਬਹੁਮੱਤ ਮੁਸ਼ਕਿਲ, 50 ਸੀਟਾਂ ਹਾਰ ਸਕਦੀ ਹੈ ਪਾਰਟੀ: ਥਰੂਰ
ਕੰਨੂਰ (ਕੇਰਲ): ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਲਈ 2019 ਵਰਗਾ ਪ੍ਰਦਰਸ਼ਨ ਕਰਨਾ ਅਸੰਭਵ ਹੋਵੇਗਾ। ਆਉਣ ਵਾਲੀਆਂ ਆਮ ਚੋਣਾਂ ’ਚ ਭਾਜਪਾ ਆਪਣੀਆਂ ਮੌਜੂਦਾ 50 ਸੀਟਾਂ ਹਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਭਾਜਪਾ ਕਈ ਸੂਬਿਆਂ ’ਚ ਸੱਤਾ ਗੁਆ ਚੁੱਕੀ ਹੈ। ਹੁਣ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਬਹੁਮੱਤ ਹਾਸਲ ਨਹੀਂ ਕਰ ਸਕੇਗੀ। ਇਹ ਵੀ ਅਸੰਭਵ ਨਹੀਂ ਹੈ ਕਿ 2024 ’ਚ ਭਾਜਪਾ ਸਰਕਾਰ ਹੀ ਨਾ ਬਣਾ ਸਕੇ।
ਸ਼ਸ਼ੀ ਥਰੂਰ ਨੇ ਕਿਹਾ ਕਿ ਕੋਈ ਕੁਝ ਵੀ ਕਹੇ ਪਰ ਉਹ ਪਹਿਲਾਂ ਵਾਂਗ ਆਪਣਾ ਕੰਮ ਜਾਰੀ ਰੱਖਣਗੇ ਅਤੇ ਲੋਕਾਂ ਨੂੰ ਮਿਲਦੇ ਰਹਿਣਗੇ। ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਉੱਚ ਅਹੁਦੇ ਲਈ ਕੋਈ ਕੋਟ ਨਹੀਂ ਸਿਲਵਾਇਆ ਹੈ।
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਟ੍ਰੋਲਰਜ਼ ’ਤੇ ਭੜਕ ਗਏ। ਦਰਅਸਲ, ਇਕ ਲੜਕੀ ਨੇ ਥਰੂਰ ਨਾਲ ਇਕ ਫੋਟੋ ਖਿਚਵਾ ਕੇ ਟਵਿੱਟਰ ’ਤੇ ਪੋਸਟ ਕੀਤੀ ਸੀ। ਇਸ ਪੋਸਟ ’ਤੇ ਟ੍ਰੋਲਰਜ਼ ਨੇ ਇਤਰਾਜ਼ਯੋਗ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੂੰ ਪੋਸਟ ਡਿਲੀਟ ਕਰਨੀ ਪਈ। ਉੱਥੇ ਹੀ, ਥਰੂਰ ਵੀ ਇਸ ਤੋਂ ਨਾਰਾਜ਼ ਹੋ ਗਏ ਅਤੇ ਟ੍ਰੋਲ ਕਰਨ ਵਾਲਿਆਂ ਨੂੰ ਨਸੀਹਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਬੀਮਾਰ ਦਿਮਾਗ ਆਪਣੇ ਕੋਲ ਰੱਖੋ।