ILETS ਚੋਂ ਅਸਫ਼ਲ ਹੋਣ ਕਾਰਨ ਖ਼ੁਦਕੁਸ਼ੀ

ਬਠਿੰਡਾ/ਤਲਵੰਡੀ ਸਾਬੋ :  ਬਠਿੰਡਾ ਦੇ ਤਲਵੰਡੀ ਸਾਬੋ ‘ਚ ਇਕ ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਵੱਲੋਂ ਇਹ ਖੌਫ਼ਨਾਕ ਕਦਮ ਆਈਲੈੱਟਸ ਵਿੱਚੋਂ ਦੋ ਵਾਰ ਫੇਲ੍ਹ ਹੋਣ ਦੇ ਚੱਲਦਿਆਂ ਚੁੱਕਿਆ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (23) ਪੁੱਤਰ ਬੂਟਾ ਸਿੰਘ ਵਾਸੀ ਪਿੰਡ ਗਟਾਵਾਲੀ, ਉਪ-ਮੰਡਲ ਤਲਵੰਡੀ ਸਾਬੋ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੁਲਦੀਪ ਸਿੰਘ ਨੇ ਆਪਣੇ ਮਨ ‘ਚ ਠਾਣਿਆਂ ਹੋਇਆ ਸੀ ਉਹ ਆਈਲੈਟਸ ਕਰਕੇ ਵਿਦੇਸ਼ ਜਾਵੇਗਾ ਤੇ ਆਪਣੇ ਘਰ ਦੀ ਆਰਥਿਤ ਸਥਿਤੀ ਨੂੰ ਸੁਧਾਰੇਗਾ। ਇਸ ਦੇ ਚੱਲਦਿਆਂ ਉਸ ਨੇ 2 ਵਾਰ ਆਈਲੈੱਟਸ ਦਾ ਪੇਪਰ ਵੀ ਦਿੱਤਾ ਪਰ ਉਹ ਦੇਵੋਂ ਵਾਰ ਅਸਫ਼ਲ ਰਿਹਾ। ਪੇਪਰ ਪਾਸ ਨਾ ਹੋਣ ਦੇ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਜਿਸ ਕਾਰਨ ਉਸ ਨੇ ਅੱਜ ਨੇ ਖੇਤ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਇਸ ਸਬੰਧੀ ਗੱਲ ਕਰਦਿਆਂ ਪਿੰਡ ਦੇ ਮੋਹਤਵਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਦੇ ਪਰਿਵਾਰ ਕੋਲ ਸਿਰਫ਼ ਇਕ ਏਕੜ ਜ਼ਮੀਨ ਹੈ। ਉਸ ਦਾ ਸੁਫ਼ਨਾ ਸੀ ਕਿ ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਪਰ ਪੇਪਰ ਕਲੀਅਰ ਨਾ ਹੋਣ ਕਾਰਨ ਉਸ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਉਨ੍ਹਾਂ ਕਿਹਾ ਕਿ ਜਿਸ ਉਮਰ ‘ਚ ਉਸ ਨੇ ਮਾਪਿਆਂ ਦਾ ਸਹਾਰਾ ਬਣਨਾ ਸੀ , ਉਸੇ ਉਮਰ ‘ਚ ਉਹ ਉਨ੍ਹਾਂ ਦਾ ਸਾਥ ਛੱਡ ਗਿਆ। ਆਪਣੇ ਪੁੱਤ ਦੀ ਮੌਤ ਦੀ ਖ਼ਬਰ ਤੋਂ ਬਾਅਦ ਮਾਪਿਆਂ ਦਾ ਰੁ-ਰੁ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਰੋਂਦਿਆ-ਕੁਰਲਾਉਂਦਿਆਂ ਆਪਣੇ ਪੁੱਤ ਬਾਰੇ ਗੱਲ ਕੀਤੀ।

ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਮੌਕੇ ‘ਤੇ ਆ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਹੈ।

Leave a Reply

error: Content is protected !!