ਜੰਮੂ ‘ਚ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ 2 ਸਾਬਕਾ ਨੇਤਾ ਕਾਂਗਰਸ ‘ਚ ਹੋਏ ਸ਼ਾਮਲ

ਜੰਮੂ:  ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀਏਪੀ) ਨੂੰ ਇਕ ਹੋਰ ਝਟਕਾ ਲੱਗਾ, ਜਦੋਂ ਪਾਰਟੀ ਦੇ 2 ਸਾਬਕਾ ਨੇਤਾਵਾਂ ਨੇ ਮੰਗਲਵਾਰ ਨੂੰ 58 ਹੋਰ ਰਾਜਨੀਤਕ ਵਰਕਰਾਂ ਨਾਲ ਕਾਂਗਰਸ ਦਾ ਹੱਥ ਫੜ ਲਿਆ। ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ (ਸਾਬਕਾ ਐੱਮ.ਐੱਲ.ਸੀ.) ਨਿਜ਼ਾਮੁਦੀਨ ਖਟਾਨਾ, ਉਨ੍ਹਾਂ ਦੇ ਪੁੱਤਰ ਅਤੇ ਗੁੱਜਰ ਤੇ ਬਕਰਵਾਲ ਕਲਿਆਣ ਬੋਰਡ ਦੇ ਸਾਬਕਾ ਉੱਪ ਪ੍ਰਧਾਨ ਗੁਲਜ਼ਾਰ ਅਹਿਮਦ ਖਟਾਨਾ ਅਤੇ ਹੋਰ ਦਾ ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੀ ਜੰਮੂ ਕਸ਼ਮੀਰ ਮਾਮਲਿਆਂ ਦੀ ਇੰਚਾਰਜ ਰਜਨੀ ਪਾਟਿਲ ਅਤੇ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਵਕਾਰ ਰਸੂਲ ਵਾਨੀ ਨੇ ਪਾਰਟੀ ‘ਚ ਸੁਆਗਤ ਕੀਤਾ। ਇਸ ਮੌਕੇ ਪਾਰਟੀ ਹੈੱਡ ਕੁਆਰਟਰ ‘ਚ ਸਾਬਕਾ ਉੱਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਪੀਰਜਾਦਾ ਮੁਹੰਮਦ ਸਈਅਦ ਅਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਵੀ ਮੌਜੂਦ ਸਨ, ਜੋ ਆਜ਼ਾਦ ਦੀ ਅਗਵਾਈ ਵਾਲੀ ਪਾਰਟੀ ਛੱਡ ਕੇ ਇਸ ਮਹੀਨੇ ਦੀ ਸ਼ੁਰੂਆਤ ‘ਚ ਕਾਂਗਰਸ ‘ਚ ਵਾਪਸ ਆਏ ਸਨ।

ਵਾਨੀ ਨੇ ਕਿਹਾ,”ਸਾਰੇ 60 ਵਰਕਰਾਂ ‘ਚੋਂ ਲਗਭਗ 70 ਤੋਂ 80 ਫੀਸਦੀ ਵਰਕਰ, ਜੋ ਕਿਸੇ ਪ੍ਰਭਾਵ ਦੇ ਅਧੀਨ ਨਵੀਂ ਗਠਿਤ ਪਾਰਟੀ ‘ਚ ਚੱਲੇ ਗਏ ਸਨ, ਹੁਣ ਕਾਂਗਰਸ ‘ਚ ਵਾਪਸ ਆ ਗਏ ਹਨ। ਸਾਰੇ ਨਵੀਂ ਗਠਿਤ ਪਾਰਟੀ ਦੇ ਸੰਸਥਾਪਕ ਮੈਂਬਰ ਸਨ।” ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ ਜਨਰਲ ਸਕੱਤਰ ਖਟਾਨਾ ਅਤੇ ਉਨ੍ਹਾਂ ਦੇ ਬੇਟੇ ਨੇ 10 ਜਨਵਰੀ ਨੂੰ ਹੀ ਡੀਏਪੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸ ਦੇ ਜੰਮੂ ਕਸ਼ਮੀਰ ਮਾਮਲਿਆਂ ਦੀ ਇੰਚਾਰਜ ਰਜਨੀ ਪਾਟਿਲ ਨੇ ਨਵੇਂ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ‘ਚ ਉੱਚਿਤ ਸਨਮਾਨ ਮਿਲੇਗਾ। ਉਨ੍ਹਾਂ ਕਿਹਾ,”ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਹ ਲੋਕ 2 ਮਹੀਨੇ ਦੀ ਛੁੱਟੀ ‘ਤੇ ਚੱਲੇ ਗਏ ਸਨ ਅਤੇ ਹੁਣ ਕੰਮ ‘ਤੇ ਵਾਪਸ ਆ ਗਏ ਹਨ। ਅਸੀਂ ਇਕੱਠੇ ਅੱਗੇ ਵਧਾਂਗੇ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ।” ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਡੀਏਪੀ ਦੇ ਹੋਰ ਨੇਤਾ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ।

Leave a Reply

error: Content is protected !!