JP ਨੱਢਾ 2024 ਤੱਕ ਬਣੇ ਰਹਿਣਗੇ BJP ਦੇ ਕੌਮੀ ਪ੍ਰਧਾਨ, ਕਾਰਜਕਾਲ ਇਕ ਸਾਲ ਵਧਿਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਕਾਰਜਕਾਰਨੀ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਜੇਪੀ ਨੱਡਾ ਦੇ ਕਾਰਜਕਾਲ ਨੂੰ ਜੂਨ 2024 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਜਕਾਰਨੀ ਦੀ ਬੈਠਕ ਦੇ ਸਥਾਨ ‘ਤੇ ਪ੍ਰੈੱਸ ਕਾਨਫਰੰਸ ‘ਚ ਦਿੱਤੀ। ਸ਼ਾਹ ਨੇ ਇਸ ਦੌਰਾਨ ਨੱਢਾ ਦੀ ਅਗਵਾਈ ਦੀ ਤਾਰੀਫ਼ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਭਾਜਪਾ ਨੇ ਕਈ ਅਹਿਮ ਚੋਣਾਂ ਜਿੱਤੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਸਵੀਕਾਰ ਕਰ ਲਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਨੱਢਾ ਦੀ ਪ੍ਰਧਾਨਗੀ ਹੇਠ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ 2019 ਦੇ ਮੁਕਾਬਲੇ ਵੱਡੇ ਬਹੁਮਤ ਨਾਲ ਜਿੱਤੇਗੀ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ 2 ਦਿਨਾ ਬੈਠਕ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਸਥਿਤ ਨਵੀਂ ਦਿੱਲੀ ਨਗਰਪਾਲਿਕਾ ਕੌਂਸਲ (ਐੱਨਡੀਐੱਮਸੀ) ਦੇ ਕਨਵੈਨਸ਼ਨ ਸੈਂਟਰ ‘ਚ ਸ਼ੁਰੂ ਹੋਈ ਸੀ। ਅੱਜ ਮੀਟਿੰਗ ਦਾ ਦੂਜਾ ਅਤੇ ਆਖਰੀ ਦਿਨ ਹੈ।