ਸ਼ਾਤਿਰ ਠੱਗ! UAE ਸਰਕਾਰ ਦਾ ਅਧਿਕਾਰੀ ਬਣ ਦਿੱਲੀ ਦੇ ਇਸ 5 ਸਿਤਾਰਾ ਹੋਟਲ ਨੂੰ ਲਾਇਆ ਲੱਖਾਂ ਦਾ ਚੂਨਾ, ਫਿਰ…
ਨਵੀਂ ਦਿੱਲੀ: ਪੁਲਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਖ਼ੁਦ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਇਕ ਸੀਨੀਅਰ ਸਰਕਾਰੀ ਅਧਿਕਾਰੀ ਦੱਸ ਕੇ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ‘ਚ ਚਾਰ ਮਹੀਨਿਆਂ ਤੱਕ ਰਿਹਾ ਅਤੇ 23 ਲੱਖ ਰੁਪਏ ਤੋਂ ਵੱਧ ਦਾ ਬਿੱਲ ਦਿੱਤੇ ਬਿਨਾਂ ਫਰਾਰ ਹੋ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਮਹਿਮੇਦ ਸ਼ਰੀਫ ਪਿਛਲੇ ਸਾਲ ਇਕ ਅਗਸਤ ਨੂੰ ਨਵੀਂ ਦਿੱਲੀ ਦੇ ਹੋਟਲ ਲੀਲਾ ਪੈਲੇਸ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਉਹ ਕਮਰਾ ਨੰਬਰ 427 ‘ਚ ਰਹਿ ਰਿਹਾ ਸੀ ਅਤੇ 20 ਨਵੰਬਰ ਨੂੰ ਹੋਟਲ ਤੋਂ ਦੌੜ ਗਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਬਕਾਇਆ ਬਿੱਲ ਦਾ ਭੁਗਤਾਨ ਨਾ ਕਰ ਕੇ ਹੋਟਲ ਨੂੰ 23.46 ਲੱਖ ਰੁਪਏ ਦਾ ਚੂਨਾ ਲਗਾਉਣ ਦੇ ਨਾਲ ਹੀ ਕੁਝ ਕੀਮਤੀ ਸਮਾਨ ਵੀ ਲੈ ਕੇ ਦੌੜ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਨੇ ਹੋਟਲ ‘ਚ ਫਰਜ਼ੀ ਬਿਜ਼ਨੈੱਸ ਕਾਰਡ ਦੇ ਨਾਲ ਯੂਏਈ ਦਾ ਨਿਵਾਸ ਕਾਰਡ ਸੌਂਪਿਆ ਸੀ।