ਪਿਤਾ ਦੇ ਕਤਲ ਦੀ ਸਜ਼ਾ ਕੱਟ ਰਹੇ ਜ਼ਮਾਨਤ ’ਤੇ ਆਏ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮਿਲੀ ਲਾਸ਼

ਬਟਾਲਾ: ਜੇਲ੍ਹ ਵਿਚੋਂ ਜ਼ਮਾਨਤ ’ਤੇ ਆਏ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪ੍ਰਕਾਸ਼ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਝਾੜੀਆਂਵਾਲ, ਕਾਹਨੂੰਵਾਨ ਰੋਡ ਬਟਾਲਾ ਜੋ ਕਿ ਆਪਣੇ ਪਿਤਾ ਦੇ ਕਤਲ ਦੇ ਸਬੰਧ ’ਚ ਗੁਰਦਾਸਪੁਰ ਜੇਲ੍ਹ ਵਿਚ ਬੰਦ ਸੀ ਅਤੇ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ ਜੋ ਕਿ ਜੈਕੇਟਾਂ ਆਦਿ ਵੇਚਣ ਦਾ ਕੰਮ ਕਰਦਾ ਸੀ, ਦੀ ਲਾਸ਼ ਅੱਜ ਸਵੇਰੇ 60 ਫੁੱਟੀ ਰੋਡ ਜੋ ਕਾਹਨੂੰਵਾਨ ਰੋਡ ਨੂੰ ਕਾਦੀਆਂ ਰੋਡ ਨਾਲ ਮੇਲਦੀ ਹੈ, ’ਤੇ ਖੜ੍ਹੀ ਇਸ ਦੀ ਸਵਿਫਟ ਕਾਰ ਨੰ.ਪੀ.ਬੀ. 032.9222 ਵਿਚ ਬਰਾਮਦ ਹੋਈ।

ਇਸ ਦੌਰਾਨ ਲੋਕਾਂ ਨੇ ਲਾਸ਼ ਦੇਖਣ ਤੋਂ ਬਾਅਦ ਤੁਰੰਤ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਦੇ ਤੁਰੰਤ ਬਾਅਦ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਕੁਲਵੰਤ ਸਿੰਘ ਮਾਨ ਅਤੇ ਡੀ.ਐੱਸ.ਪੀ ਸਿਟੀ ਲਲਿਤ ਕੁਮਾਰ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਪਰੰਤ ਮ੍ਰਿਤਕ ਪ੍ਰਕਾਸ਼ ਸਿੰਘ ਦੀ ਲਾਸ਼ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ।

ਕੀ ਕਹਿਣਾ ਹੈ ਐੱਸ.ਐੱਚ.ਓ ਮਾਨ ਦਾ

ਉਧਰ ਜਦੋਂ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਕੁਲਵੰਤ ਸਿੰਘ ਮਾਨ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply