ਜੋਸ਼ੀਮੱਠ ‘ਚ ਸੰਕਟ: ਸੁਰੱਖਿਅਤ ਥਾਵਾਂ ‘ਤੇ ਭੇਜੇ ਗਏ 237 ਪਰਿਵਾਰ, ਬਦਰੀਨਾਥ ਧਾਮ ਦਾ ਖਜ਼ਾਨਾ ਵੀ ਹੋ ਸਕਦੈ ਸ਼ਿਫਟ
ਜੋਸ਼ੀਮੱਠ- ਉੱਤਰਾਖੰਡ ਦੇ ਜੋਸ਼ੀਮੱਠ ਵਿਚ ਜ਼ਮੀਨ ਧੱਸਣ ਅਤੇ ਘਰਾਂ ਵਿਚ ਤਰੇੜਾਂ ਆਉਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਘਰ-ਬਾਰ ਛੱਡਣ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਗਲਵਾਰ ਤੱਕ ਸਰਵੇ ਟੀਮ ਨੇ 849 ਘਰਾਂ ਨੂੰ ਤਰੇੜਾਂ ਪੈਣ ਹੋਣ ਕਾਰਨ ਕਰਾਸ ਮਾਰਕ ਲਾਇਆ। ਇਨ੍ਹਾਂ ਵਿਚੋਂ 155 ਨਿੱਜੀ ਭਵਨਾਂ ਅਤੇ 10 ਵਪਾਰਕ ਅਦਾਰਿਆਂ ਨੂੰ ਪੂਰੀ ਤਰ੍ਹਾਂ ਅਸੁਰੱਖਿਅਤ ਮੰਨਿਆ ਗਿਆ ਹੈ। ਇਸ ਕਾਰਨ ਹੁਣ ਤੱਕ ਇੱਥੇ ਰਹਿਣ ਵਾਲੇ 237 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਵਿਸਥਾਪਿਤ ਕਰ ਦਿੱਤਾ ਗਿਆ ਹੈ।
ਇਨ੍ਹਾਂ ਪਰਿਵਾਰਾਂ ‘ਚੋਂ 58 ਕਿਰਾਏ ਦੇ ਮਕਾਨਾਂ ਵਿਚ ਰਹਿਣ ਪਹੁੰਚੇ ਹਨ। ਬਾਕੀ ਨੂੰ ਸਰਕਾਰ ਵਲੋਂ ਸੁਰੱਖਿਅਤ ਥਾਵਾਂ ‘ਤੇ ਠਹਿਰਾਇਆ ਗਿਆ ਹੈ। ਵਿਸਥਾਪਿਤ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ ਹੋਟਲਾਂ ਅਤੇ ਕੈਂਪਾਂ ਵਿਚ ਠਹਿਰਾਇਆ ਹੈ ਪਰ ਪਰੇਸ਼ਾਨੀ ਇਹ ਹੈ ਕਿ ਇਕ ਹੀ ਕਮਰੇ ਵਿਚ 3-3 ਪਰਿਵਾਰ ਰਹਿਣ ਲਈ ਮਜਬੂਰ ਹੋ ਗਏ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਖਾਣ-ਪੀਣ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ।
ਸਾਰੇ ਕੈਂਪਾਂ ਅਤੇ ਹੋਟਲਾਂ ਵਿਚ ਪ੍ਰਸ਼ਾਸਨ ਨੇ ਖਾਣੇ ਦੀ ਵਿਵਸਥਾ ਕੀਤੀ ਹੈ। ਬਜ਼ਾਰਾਂ ਵਿਚ ਵੀ ਕਿਸੇ ਚੀਜ਼ ਨੂੰ ਲੈ ਕੇ ਕੋਈ ਕਿੱਲਤ ਨਹੀਂ ਹੈ। ਇਸ ਦਰਮਿਆਨ ਜ਼ਮੀਨ ਧੱਸਣ ਕਾਰਨ ਬਦਰੀਨਾਥ ਧਾਮ ਦੇ ਖਜ਼ਾਨੇ ਨੂੰ ਲੈ ਕੇ ਚਿੰਤਾ ਵਧ ਗਈ ਹੈ। ਜੇਕਰ ਸਥਿਤੀ ਹੋਰ ਵਿਗੜਦੀ ਹੈ ਤਾਂ ਬਦਰੀਨਾਥ ਧਾਮ ਦਾ ਖਜ਼ਾਨਾ ਪੀਪਲਕੋਟੀ ਵਿਚ ਮੰਦਰ ਕਮੇਟੀ ਦੇ ਨਿਰੀਖਣ ਭਵਨ ‘ਚ ਸ਼ਿਫਟ ਕਰ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਇਹ ਤੈਅ ਕੀਤਾ ਗਿਆ ਕਿ ਜੋਸ਼ੀਮੱਠ ਵਿਚ ਸਭ ਤੋਂ ਹੇਠਲੇ ਹਿੱਸੇ ‘ਚ ਵਸੀ ਕਾਲੋਨੀ ਵਿਚ ਭਵਿੱਖ ਦੇ ਖ਼ਤਰਿਆਂ ਨੂੰ ਵੇਖਦੇ ਹੋਏ ਅਸੁਰੱਖਿਅਤ ਘਰਾਂ ਨੂੰ ਤੋੜਿਆ ਜਾਵੇਗਾ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪਾਣੀ ਦੇ ਰਿਸਾਅ ਵਿਚ ਕਮੀ ਆਈ ਹੈ।