ਹਿਮਾਚਲ : ਖ਼ਰਾਬ ਮੌਸਮ ਕਾਰਨ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ, ਉਚਾਈ ‘ਤੇ ਜਾਣ ਤੋਂ ਬਚਣ ਦੀ ਸਲਾਹ
ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਸੀਤ ਲਹਿਰ ਅਤੇ ਬਰਫਬਾਰੀ ਦੀ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ ਲਾਹੌਲ-ਸਪੀਤੀ ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਰਾਜ ਦੇ ਉੱਚਾਈ ਵਾਲੇ ਸਥਾਨਾਂ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲਾਹੌਲ-ਸਪੀਤੀ ਦੇ ਡਿਪਟੀ ਕਮਿਸ਼ਨਰ ਨੇ ਬੁੱਧਵਾਰ ਨੂੰ ਮੀਡੀਆ ‘ਚ ਜਾਰੀ ਮੌਸਮ ਸੰਬੰਧੀ ਚਿਤਾਵਨੀ ‘ਚ ਕਿਹਾ ਕਿ ਮੌਸਮ ਵਿਭਾਗ ਨੇ 19, 20 ਅਤੇ 23 ਤੋਂ 26 ਜਨਵਰੀ ਤੱਕ ਜ਼ਿਲ੍ਹੇ ‘ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਚਿਤਾਵਨੀ ‘ਚ ਕਿਹਾ ਗਿਆ,“ਚਿਤਾਵਨੀਆਂ ਜਾਰੀ ਕੀਤੇ ਜਾਣ ਦੇ ਬਾਵਜੂਦ, ਲੋਕ ਉੱਚਾਈ ਵਾਲੇ ਪਹਾੜੀ ਖੇਤਰਾਂ ‘ਚ ਜਾ ਕੇ ਆਪਣੀ ਜਾਨ ਨੂੰ ਜ਼ੋਖਮ ‘ਚ ਪਾ ਰਹੇ ਹਨ। ਜ਼ਿਲ੍ਹੇ ‘ਚ ਬਰਫ਼ਬਾਰੀ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਸਾਰੇ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਉੱਚ ਉਚਾਈ ਵਾਲੇ ਸਥਾਨਾਂ ਅਤੇ ਘੱਟ ਤਾਪਮਾਨ ਵਾਲੇ ਖੇਤਰਾਂ ‘ਚ ਬੇਲੋੜੀ ਯਾਤਰਾ ਤੋਂ ਬਚਣ, ਆਪਣੇ ਘਰਾਂ ‘ਚ ਸੁਰੱਖਿਅਤ ਰਹਿਣ ਅਤੇ ਕਿਸੇ ਵੀ ਕਿਸਮ ਦਾ ਜ਼ੋਖਮ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਸਾਰੀਆਂ ਗ੍ਰਾਮ ਪੰਚਾਇਤਾਂ, ਗੈਰ ਸਰਕਾਰੀ ਸੰਸਥਾਵਾਂ, ਰੇਹੜੀ ਵਾਲਿਆਂ ਅਤੇ ਪੈਦਲ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ।”