ਚਰਨਜੀਤ ਸਿੰਘ ਚੰਨੀ ਦੇ ਨਿਸ਼ਾਨੇ ‘ਤੇ CM ਭਗਵੰਤ ਮਾਨ, ਕਿਹਾ-ਕਾਂਗਰਸ ਦੀ ਸੋਚ ਗ਼ਰੀਬਾਂ ਪ੍ਰਤੀ ਸੱਚੀ-ਸੁੱਚੀ

ਪਠਾਨਕੋਟ: ਪਠਾਨਕੋਟ ਵਿਖੇ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਵੱਡੀ ਰੈਲੀ ਕੀਤੀ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਰਾਹੁਲ ਗਾਂਧੀ ਨੂੰ ਇਕ ਕ੍ਰਾਂਤੀਕਾਰੀ ਲੀਡਰ ਦੱਸਿਆ, ਉਥੇ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਿਆਸਤ ਦੇ ਵਿਚ ਫਿਰਕੂਪੁਣੇ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਨਵੀਂ ਸੋਚ ਲੈ ਕੇ ਆਏ ਹਨ, ਰਾਹੁਲ ਗਾਂਧੀ ਇਕ ਸੰਤ ਰੂਪ ਹਨ, ਜਿਨ੍ਹਾਂ ਦਾ ਅੱਜ ਅਸੀਂ ਸੁਆਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਹੈ ਅਤੇ ਦੇਸ਼ ਨੂੰ ਆਜ਼ਾਦੀ ਲਿਆ ਕੇ ਦਿੱਤੀ। ਕਾਂਗਰਸ ਪਾਰਟੀ ਨੇ ਹੀ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਦਿੱਤਾ। ਕਾਂਗਰਸ ਦੀ ਸੋਚ ਗ਼ਰੀਬਾਂ ਪ੍ਰਤੀ ਸੱਚੀ-ਸੁੱਚੀ ਹੈ। ਗ਼ਰੀਬਾਂ ਨੂੰ ਉਪਰ ਚੁੱਕਣ ਵਾਲੀ ਹੈ।

ਇਸ ਦੌਰਾਨ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਆਨ ਕਿ ਲੋਕਾਂ ਨੇ ਤਾਂ ਮਹਾਰਾਜੇ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਚੰਨੀ ਨੂੰ ਤਾਂ ਰਾਹੁਲ ਗਾਂਧੀ ਨੇ ਬਣਾ ਦਿੱਤਾ, ਦਾ ਠੋਕਵਾਂ ਜਵਾਬ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ, ਰਾਹੁਲ ਗਾਂਧੀ ਦੀ ਸੋਚ ਨੂੰ ਵੇਖਣ ਅਤੇ ਆਪਣੀ ਮਾਨਸਿਕਤਾ ਸਥਿਤੀ ਨੂੰ ਵੇਖਣ। ਉਨ੍ਹਾਂ ਕਿਹਾ ਕਿ ਤੁਸੀਂ ਕਿਉਂ ਗ਼ਰੀਬ ਦੇ ਬੱਚੇ ਨੂੰ ਉਪਰ ਆਉਂਦਾ ਵੇਖ ਕੇ ਸਵੀਕਾਰ ਨਹੀਂ ਕਰ ਸਕਦੇ।

ਸ਼ਾਇਰਾਨਾ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ਬੇਹਿੰਮਤੇ ਨੇ ਉਹ ਜਿਹੜੇ ਸ਼ਿੱਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਜਾਂਦੇ ਸੀਨਾ ਪਾੜ ਕੇ ਪੱਥਰਾਂ ਦਾ। ਅੱਗੇ ਬੋਲਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਆਪਣੀ ਦ੍ਰਿੜਤਾ ਨਾਲ ਦੇਸ਼ ਨੂੰ ਇਕ ਕਰਨ ਲਈ ਨਿਕਲੇ ਹਨ। ਰਾਹੁਲ ਗਾਂਧੀ ਪੱਥਰਾਂ ਦਾ ਸੀਨਾ ਪਾੜ ਕੇ ਇਕ ਦਿਨ ਨਿਕਲਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।

Leave a Reply