ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

ਬਸਤੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਖੇਡਾਂ ਨੂੰ ਸਿਰਫ਼ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ ਪਰ ਪਿਛਲੇ 8 ਸਾਲਾਂ ਵਿਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਖੇਡਾਂ ਲਈ ਬਿਹਤਰ ਮਾਹੌਲ ਬਣਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਸਤੀ ਜ਼ਿਲ੍ਹੇ ਵਿਚ ਆਯੋਜਿਤ ‘ਸਾਂਸਦ ਖੇਡ ਮਹਾਕੁੰਭ’ ਦੇ ਵਰਚੂਅਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ, ‘‘ਇਕ ਸਮਾਂ ਸੀ ਜਦੋਂ ਖੇਡਾਂ ਨੂੰ ਪਾਠਕ੍ਰਮ ਤੋਂ ਬਾਹਰ ਦੀ ਗਤੀਵਿਧੀ ਵਜੋਂ ਗਿਣਿਆ ਜਾਂਦਾ ਸੀ, ਯਾਨੀ ਇਸ ਨੂੰ ਪੜ੍ਹਾਈ ਤੋਂ ਵੱਖ ਸਿਰਫ਼ ਟਾਈਮ ਪਾਸ ਦਾ ਜ਼ਰੀਆ ਸਮਝਿਆ ਜਾਂਦਾ ਸੀ।’’

ਮੋਦੀ ਨੇ ਕਿਹਾ,‘‘ਬੱਚਿਆਂ ਨੂੰ ਵੀ ਇਹ ਹੀ ਦੱਸਿਆ ਤੇ ਸਿਖਾਇਆ ਗਿਆ। ਇਸ ਨਾਲ ਪੀੜ੍ਹੀ ਦਰ ਪੀੜ੍ਹੀ ਸਮਾਜ ਵਿਚ ਇਕ ਮਾਨਸਿਕਤਾ ਪੈਦਾ ਹੋ ਗਈ ਕਿ ਖੇਡਾਂ ਇੰਨੀਆਂ ਜ਼ਰੂਰੀ ਨਹੀਂ ਹਨ। ਉਹ ਜ਼ਿੰਦਗੀ ਤੇ ਭਵਿੱਖ ਦਾ ਹਿੱਸਾ ਨਹੀਂ ਹਨ। ਇਸ ਮਾਨਸਿਕਤਾ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਿੰਨੇ ਕਾਬਲ ਨੌਜਵਾਨ, ਕਿੰਨੇ ਹੀ ਹੁਨਰ ਮੈਦਾਨ ਤੋਂ ਦੂਰ ਰਹਿ ਗਏ। ਪਰ ਪਿਛਲੇ 8 ਸਾਲਾਂ ਵਿੱਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਦਿੱਤਾ ਹੈ। ਖੇਡਾਂ ਲਈ ਵਧੀਆ ਮਾਹੌਲ ਸਿਰਜਣ ਲਈ ਕੰਮ ਕੀਤਾ ਗਿਆ ਹੈ, ਇਸ ਲਈ ਹੁਣ ਜ਼ਿਆਦਾ ਬੱਚੇ ਅਤੇ ਨੌਜਵਾਨ ਖੇਡਾਂ ਨੂੰ ਕਰੀਅਰ ਦੇ ਵਿਕਲਪ ਵਜੋਂ ਦੇਖ ਰਹੇ ਹਨ।’ ਸਾਂਸਦ ਖੇਡ ਮਹਾਕੁੰਭ 2022-23 ਦਾ ਆਯੋਜਨ 2 ਪੜਾਅ ਵਿਚ ਕੀਤਾ ਜਾ ਰਿਹਾ ਹੈ। ਖੇਡ ਮਹਾਕੁੰਭ ਦੇ ਪਹਿਲੇ ਪੜਾਅ ਦਾ ਆਯੋਜਨ 10 ਦਸੰਬਰ ਤੋਂ 16 ਦਸੰਬਰ 2022 ਦੌਰਾਨ ਕੀਤਾ ਗਿਆ ਤੇ ਦੂਜੇ ਪੜਾਅ ਦਾ ਆਯੋਜਨ 18 ਜਨਵਰੀ ਤੋਂ 28 ਜਨਵਰੀ 2023 ਦੌਰਾਨ ਕੀਤਾ ਜਾਵੇਗਾ।

Leave a Reply

error: Content is protected !!