ਵਿਦੇਸ਼ਾਂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫੈਸਲਾ

ਲੰਡਨ : ਵਿਦੇਸ਼ਾਂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ ਅਤੇ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ। ਕੌਮੀ ਇਨਸਾਫ਼ ਮੋਰਚੇ ਦੀ ਲੀਡਰਸ਼ਿਪ ਦੇ ਸੱਦੇ ‘ਤੇ ਵਿਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਅੱਜ ਇਕ ਹੰਗਾਮੀ ਟੈਲੀਕਾਨਫਰੰਸ ਹੋਈ। ਜਿਸ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਫਰਾਂਸ, ਹਾਲੈਂਡ, ਇਟਲੀ, ਬੈਲਜੀਅਮ, ਸਪੇਨ ਤੋਂ 164 ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਭਾਰਤ ਵਿਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਕਾਨੂੰਨ ਦੇ ਦੋਹਰੇ ਮਾਪਦੰਡਾਂ ਤਹਿਤ ਹੋ ਰਹੇ ਧੱਕੇ ਅਤੇ ਬੇਇਨਸਾਫ਼ੀਆਂ ਬਾਰੇ ਚਰਚਾ ਹੋਈ, ਅਤੇ ਖਾਸ ਕਰਕੇ ਗੁਰੂ ਗਰੰਥ ਸਾਹਿਬ ਦੀ ਦੀ ਬੇਅਦਬੀ ਦਾ ਇਨਸਾਫ਼ ਨਾ ਦੇਣ ਅਤੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਰੱਖਣ ਦੇ ਅਣਮਨੁੱਖੀ ਵਤੀਰੇ ਦੀ ਘੋਰ ਨਿਖੇਧੀ ਕੀਤੀ ਗਈ।

ਮੀਟਿੰਗ ਵਿੱਚ ਸ਼ਾਮਲ ਸਾਰੇ ਹੀ ਨੁਮਾਇੰਦਿਆਂ ਨੇ ਇਕਸੁਰ ਵਿਚ ਭਾਰਤ ਦੇ ਕਾਨੂੰਨ ਅਤੇ ਸਰਕਾਰਾਂ ਦੇ ਇਸ ਘਿਨਾਉਣੇ ਚਿਹਰੇ ਨੂੰ ਦੁਨੀਆ ਸਾਹਮਣੇ ਨੰਗਾ ਕਰਨ ਲਈ 26 ਜਨਵਰੀ ਨੂੰ ਵੱਖ-ਵੱਖ ਥਾਵਾਂ ‘ਤੇ ਭਾਰਤੀ ਕੋਂਸਲੇਟਾਂ ਅਤੇ ਅੰਬੈਸੀਆਂ ਦੇ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ ਲਿਆ। ਇਸ ਟੈਲੀਕਾਨਫਰੰਸ ਦਾ ਪ੍ਰਬੰਧ ਕਰਨ ਲਈ ਭਾਈ ਹਿੰਮਤ ਸਿੰਘ ਨਿਊਯਾਰਕ, ਭਾਈ ਮਨਪ੍ਰੀਤ ਸਿੰਘ ਯੂ.ਕੇ., ਭਾਈ ਗੁਰਚਰਨ ਸਿੰਘ ਯੂਰਪ, ਭਾਈ ਭਗਤ ਸਿੰਘ ਕੈਨੇਡਾ, ਭਾਈ ਹਰਜੀਤ ਸਿੰਘ ਹੌਲੈਂਡ ਨੇ ਵਿਸ਼ੇਸ਼ ਯੋਗਦਾਨ ਗਿਆ। ਕਾਨਫਰੰਸ ਵਿਚ ਸ਼ਾਮਲ ਸਾਰੇ ਹੀ ਨੁਮਾਇੰਦਿਆਂ ਨੇ ਭਾਰਤ ਅਤੇ ਖਾਸ ਕਰ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਵਿਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।

Leave a Reply