ਭਿਆਨਕ ਠੰਡ ’ਚ ਲੋਕ ਰਹਿਣ ਸਾਵਧਾਨ, ਲਾਪਰਵਾਹੀ ਨਾਲ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ

ਪੰਜਾਬ ਵਿਚ ਇਨ੍ਹੀਂ ਦਿਨੀਂ ਭਿਆਨਕ ਠੰਡ ਪੈ ਰਹੀ ਹੈ ਅਤੇ ਕਈ ਲੋਕ ਇਸ ਠੰਡ ਦੀ ਲਪੇਟ ਵਿਚ ਆਉਣ ਨਾਲ ਬੀਮਾਰ ਹੋ ਰਹੇ ਹਨ ਪਰ ਸ਼ਾਇਦ ਕਈਆਂ ਨੂੰ ਪਤਾ ਨਹੀਂ ਕਿ ਇਸ ਭਿਆਨਕ ਠੰਡ ਵਿਚ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ‘ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ’ ਵਾਲੀ ਗੱਲ ਸਾਬਿਤ ਹੋ ਸਕਦੀ ਹੈ। ਸਿਵਲ ਹਸਪਤਾਲ ਵਿਚ ਵੀ ਇਨ੍ਹੀਂ ਦਿਨੀਂ ਠੰਡ ਲੱਗਣ ਕਾਰਨ ਖੰਘ, ਬੁਖ਼ਾਰ, ਿਨਮੋਨੀਆ, ਬਲੱਡ ਪ੍ਰੈਸ਼ਰ, ਫੇਫੜਿਆਂ ਆਦਿ ਦੇ ਮਰੀਜ਼ ਜ਼ਿਆਦਾ ਗਿਣਤੀ ਵਿਚ ਆ ਕੇ ਚੈੱਕਅਪ ਕਰਵਾ ਰਹੇ ਹਨ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹਸਪਤਾਲ ਦੀ ਓ. ਪੀ. ਡੀ. ਹਾਊਸਫੁੱਲ ਚੱਲ ਰਹੀ ਹੈ। ਕੜਾਕੇ ਦੀ ਠੰਡ ਨੇ ਵੀ ਦਿਲ ਦੇ ਮਰੀਜ਼ਾਂ ਲਈ ਹਾਰਟ ਅਟੈਕ ਦਾ ਖ਼ਤਰਾ ਵਧਾ ਦਿੱਤਾ ਹੈ। ਜਿਸ ਤਰ੍ਹਾਂ ਨਾਲ ਠੰਡ ਵਧ ਰਹੀ ਹੈ, ਉਸ ਨਾਲ ਮਹਾਨਗਰ ਅਤੇ ਦਿਹਾਤੀ ਇਲਾਕਿਆਂ ਵਿਚ ਹਾਰਟ ਦੇ ਮਰੀਜ਼ਾਂ ਅਤੇ ਹਾਰਟ ਅਟੈਕ ਦੇ ਮਾਮਲਿਆਂ ਵਿਚ ਵੀ ਵਾਧਾ ਹੋ ਰਿਹਾ ਹੈ। ਡਾਕਟਰ ਵੀ ਹਾਰਟ ਦੇ ਮਰੀਜ਼ਾਂ ਨੂੰ ਠੰਡ ਵਿਚ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਖ਼ਾਸ ਤੌਰ ’ਤੇ ਬਜ਼ੁਰਗਾਂ ਨੂੰ ਠੰਡ ਵਿਚ ਸੈਰ ਤੋਂ ਪ੍ਰਹੇਜ਼ ਰੱਖਣਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਹੀ ਉਹ ਘਰੋਂ ਬਾਹਰ ਨਿਕਲਣ।

ਘੱਟ ਤੋਂ ਘੱਟ 8 ਘੰਟੇ ਨੀਂਦ ਲੈਣ ਅਤੇ ਤਣਾਅਮੁਕਤ ਜੀਵਨ ਜਿਊਣ ਲੋਕ

ਸਿਵਲ ਹਸਪਤਾਲ ਵਿਚ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾ. ਸੁਰਜੀਤ ਿਸੰਘ ਦਾ ਕਹਿਣਾ ਹੈ ਕਿ ਠੰਡ ਵਿਚ ਜੇਕਰ ਲੋਕ ਕੁਝ ਸਾਵਧਾਨੀਆਂ ਵਰਤਣ ਤਾਂ ਉਨ੍ਹਾਂ ਦੀ ਸਿਹਤ ਠੀਕ ਰਹੇਗੀ। ਸਾਦਾ ਖਾਣਾ ਖਾਣ, ਜੰਕ ਫੂਡ ਤੋਂ ਪ੍ਰਹੇਜ਼ ਕਰਨ, ਟਾਈਮ ’ਤੇ ਸੌਣ ਅਤੇ ਟਾਈਮ ’ਤੇ ਉੱਠਣ, ਘੱਟ ਤੋਂ ਘੱਟ 8 ਘੰਟੇ ਨੀਂਦ ਜ਼ਰੂਰ ਲੈਣ ਅਤੇ ਤਣਾਅਮੁਕਤ ਜੀਵਨ ਜਿਊਣ। ਨੀਂਦ ਇਸ ਲਈ ਲੈਣੀ ਜ਼ਰੂਰੀ ਹੈ ਕਿਉਂਕਿ ਸਰੀਰ ਦੀ ਇਸ ਨਾਲ ਰਿਕਵਰੀ ਹੁੰਦੀ ਹੈ ਅਤੇ ਬੀ. ਪੀ. ਕੰਟਰੋਲ ਵਿਚ ਰਹਿੰਦਾ ਹੈ।

ਡਾ. ਸੁਰਜੀਤ ਿਸੰਘ ਨੇ ਦੱਸਿਆ ਕਿ ਹਸਪਤਾਲ ਵਿਚ ਅਜੇ ਘੱਟ ਹੀ ਕੇਸ ਵੱਡੇ ਹਾਰਟ ਅਟੈਕ ਦੇ ਆ ਰਹੇ ਹਨ। ਵੱਡੇ ਅਟੈਕ ਹੋਣ ’ਤੇ ਮਰੀਜ਼ ਦੀ ਐਂਜੀਓਗ੍ਰਾਫੀ ਕਰਵਾਈ ਜਾਂਦੀ ਹੈ ਪਰ ਹਸਪਤਾਲ ਵਿਚ ਛੋਟੇ ਹਾਰਟ ਅਟੈਕ ਦੇ ਮਰੀਜ਼ ਰੋਜ਼ਾਨਾ 3 ਤੋਂ 4 ਹੀ ਆ ਰਹੇ ਹਨ, ਜਿਨ੍ਹਾਂ ਦੀ ਈ. ਸੀ. ਜੀ. ਕਰਵਾਉਣ ਤੋਂ ਬਾਅਦ ਦਵਾਈਆਂ ਦੀ ਮਦਦ ਨਾਲ ਉਨ੍ਹਾਂ ਦੀਆਂ ਬੰਦ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ। ਉਥੇ ਹੀ, ਰਾਹਤ ਦੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿਵਲ ਹਸਪਤਾਲ ਵਿਖੇ 100 ਬੈੱਡਾਂ ਦਾ ਅਤਿ-ਆਧੁਨਿਕ ਕ੍ਰਿਟੀਕਲ ਕੇਅਰ ਯੂਨਿਟ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕਾਰਡੀਅਕ ਕੈਥ ਲੈਬ ਵੀ ਖੋਲ੍ਹਣ ਦਾ ਪ੍ਰਸਤਾਵ ਹੈ, ਜਿਸ ਨਾਲ ਹਾਰਟ ਅਟੈਕ ਦੇ ਮਰੀਜ਼ਾਂ ਲਈ ਇਲਾਜ ਦੀ ਸਹੂਲਤ ਸਿਵਲ ਹਸਪਤਾਲ ਵਿਚ ਹੀ ਉਪਲੱਬਧ ਹੋ ਜਾਵੇਗੀ।

ਬੰਦ ਕਮਰੇ ’ਚ ਅੰਗੀਠੀ ਬਾਲਣ ਨਾਲ ਘਟ ਜਾਂਦੀ ਹੈ ਆਕਸੀਜਨ, ਬਚੋ
ਕਈ ਵਾਰ ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਕਿ ਲੋਕ ਸਰਦੀ ਤੋਂ ਬਚਣ ਲਈ ਆਪਣੇ ਕਮਰਿਆਂ ਨੂੰ ਬੰਦ ਕਰ ਕੇ ਅੰਗੀਠੀ ਬਾਲ ਕੇ ਸੌਂ ਜਾਂਦੇ ਹਨ, ਇਸ ਨਾਲ ਕਮਰੇ ਵਿਚ ਸੌਂ ਰਹੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਪੈਦਾ ਹੋ ਸਕਦੀ ਹੈ। ਅੰਗੀਠੀ ਬਾਲਣ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਸਾਹ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਫਿਰ ਸਾਹ ਘੁੱਟ ਸਕਦਾ ਹੈ, ਇਸ ਲਈ ਕਮਰੇ ਵਿਚ ਹਵਾ ਦੇ ਆਉਣ-ਜਾਣ ਦਾ ਰਸਤਾ ਜ਼ਰੂਰ ਰੱਖਣਾ ਚਾਹੀਦਾ ਹੈ।

Leave a Reply

error: Content is protected !!