ਮੁਕਤਸਰ ‘ਚ NIA ਦੀ ਰੇਡ, 6 ਘੰਟੇ ਚੱਲੀ ਛਾਪੇਮਾਰੀ, ਪਾਕਿਸਤਾਨ ਨਾਲ ਜੁੜੀਆਂ ਤਾਰਾਂ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਵਿਚ NIA ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਕਰੀਬ ਛੇ ਵਜੇ ਇਹ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ NIA ਵੱਲੋਂ ਇਹ ਅਚਨਚੇਤ ਛਾਪੇਮਾਰੀ ਜੁੱਤੀਆਂ ਦੇ ਹੋਲਸੇਲ ਵਪਾਰੀ ਸੋਨੂੰ ਦੇ ਘਰ ਕੀਤੀ ਗਈ। ਦੱਸ ਦੇਈਏ ਕਿ ਸੋਨੂੰ ਪੰਜਾਬੀ ਅਤੇ ਪਾਕਿਸਤਾਨੀ ਜੁੱਤੀਆਂ ਦਾ ਵਪਾਰ ਕਰਦਾ ਹੈ। 6 ਘੰਟੇ ਚੱਲੀ ਇਸ ਰੇਡ ਦੌਰਾਨ ਐਨ. ਆਈ. ਏ. ਦੀ ਟੀਮ ਕਾਗਜਾਤ ਅਤੇ ਹੋਰ ਸਾਮਾਨ ਵਪਾਰੀ ਦੇ ਘਰੋਂ ਲੈ ਗਈ।
ਅਧਿਕਾਰਕ ਤੌਰ ‘ਤੇ ਭਾਵੇ ਟੀਮ ਵੱਲੋਂ ਇਸ ਰੇਡ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਮੁਤਾਬਕ ਮਾਮਲਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹੋਏ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ ਅਤੇ ਕਥਿਤ ਤੌਰ ‘ਤੇ ਹਵਾਲੇ ਦੇ ਪੈਸੇ ਨਾਲ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ।