ਟਾਪਪੰਜਾਬ

ਨਿਹੰਗ ਸਿੰਘਾਂ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਖਤਮ; ਇਸ ਗੱਲ ’ਤੇ ਬਣੀ ਸਹਿਮਤੀ

ਸੁਲਤਾਨਪੁਰ ਲੋਧੀ:  ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਫਾਇਰਿੰਗ ਹੋਈ। ਇਸ ‘ਚ ਗੋਲੀ ਲੱਗਣ ਨਾਲ ਇਕ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ, ਜਦਕਿ ਡੀਐਸਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਮਗਰੋਂ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਨਿਹੰਗ ਸਿੰਘਾਂ ਨਾਲ ਮੀਟਿੰਗ ਕੀਤੀ।

ਕਰੀਬ 2 ਘੰਟੇ ਤਕ ਚੱਲੀ ਮੀਟਿੰਗ ਮਗਰੋਂ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਡੀਸੀ ਵਲੋਂ 145 ਦੀ ਕਾਰਵਾਈ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜਗ੍ਹਾਂ ਨੂੰ ਖਾਲੀ ਕੀਤਾ ਜਾਵੇਗਾ। 145 ਦੀ ਕਾਰਵਾਈ ਤਹਿਤ ਦੋਵੇਂ ਧਿਰਾਂ ਨੂੰ ਕਬਜ਼ੇ ਤੋਂ ਹਟਾ ਕੇ ਪ੍ਰਬੰਧ ਲਈ ਰਿਸੀਵਰ ਨਿਯੁਕਤ ਕੀਤਾ ਜਾਵੇਗਾ, ਜ਼ਿਆਦਾਤਰ ਮਾਮਲਿਆਂ ਵਿਚ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਹੁੰਦੀ ਹੈ, ਜਿਨ੍ਹਾਂ ਵਲੋਂ ਸਾਰੀ ਸਾਂਭ-ਸੰਭਾਲ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਵੇਰੇ ਵਾਪਰੀ ਘਟਨਾ ਵਿਚ ਕਾਇਦੇ ਅਨੁਸਾਰ ਕਾਰਵਾਈ ਹੋਵੇਗੀ। ਪੁਲਿਸ ਹੱਕ, ਸੱਚ ਅਤੇ ਨਿਆਂ ਉਤੇ ਕਾਰਵਾਈ ਕਰੇਗੀ, ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ  ਕਦਮ ਚੁੱਕੇ ਜਾ ਰਹੇ ਹਨ। ਵਧੀਕੀ ਕਰਨ ਵਾਲਾ ਚਾਹੇ ਕੋਈ ਵੀ ਹੋਵੇ, ਉਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਏਡੀਜੀਪੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਗੁਰੂ ਮਰਿਆਦਾ ਅਨੁਸਾਰ ਪੂਰਾ ਕਰਵਾਇਆ ਜਾਵੇਗਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਹੋਮ ਗਾਰਡ ਜਵਾਨ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਨਾਲ ਨਹੀਂ ਹੋਈ। ਘਟਨਾ ਵਿਚ ਵਰਤੇ ਗਏ ਲਾਇਸੈਂਸੀ ਹਥਿਆਰ ਪੁਲਿਸ ਨੇ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮ ਦੀ ਕੋਈ ਭੂਮਿਕਾ ਪਾਈ ਗਈ ਤਾਂ ਬਣਦੀ ਕਾਰਵਾਈ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤ ਨੂੰ ਸੁਨੇਹਾ ਦਿਤਾ ਕਿ ਸਥਿਤੀ ਕਾਬੂ ਵਿਚ ਹੈ ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਦੀਆਂ ਹਨ।

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ 96 ਕਰੋੜੀ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਦਾ ਕਬਜ਼ਾ ਚੱਲਿਆ ਆ ਰਿਹਾ ਸੀ। ਇਸ ਜਥੇਬੰਦੀ ਦੇ ਦੋ ਸੇਵਾਦਾਰ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਸਨ। ਪੁਲਿਸ ਬਿਆਨ ਮੁਤਾਬਕ 21 ਨਵੰਬਰ ਨੂੰ ਬੁੱਢਾ ਦਲ ਤੋਂ ਵੱਖ ਹੋਏ ਇਕ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਅਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ ਅਤੇ ਦੋਵਾਂ ਸੇਵਾਦਾਰਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਉਤੇ ਕਬਜ਼ਾ ਕਰ ਲਿਆ ਗਿਆ।

ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 307, 323, 324, 342, 447, 447, 511, 436, 427, 148, 149, 379-B ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਬਿਆਨ ਮੁਤਾਬਕ ਇਸ ਕੇਸ ਵਿਚ ਬਾਬਾ ਮਾਨ ਸਿੰਘ ਦੇ ਧੜੇ ਨਾਲ ਸਬੰਧਤ 10 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਦੋਵਾਂ ਧਿਰਾਂ ਵਿਚਾਲੇ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਲੜਾਈ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸੀ।

ਇਸ ਦੇ ਚਲਦਿਆਂ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵਲੋਂ ਮਾਮਲੇ ਨੂੰ ਸੁਲ਼ਝਾਉਣ ਲਈ ਯਤਨ ਕੀਤੇ ਜਾ ਰਹੇ ਸਨ ਪਰ ਇਸ ਦੌਰਾਨ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਅਤੇ ਦੋਵੇਂ ਪਾਸਿਉਂ ਫਾਇਰਿੰਗ ਕੀਤੀ ਗਈ, ਜਿਸ ਦੇ ਚਲਦਿਆਂ ਇਕ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਜਦਕਿ ਕਰੀਬ 10 ਪੁਲਿਸ ਮੁਲਾਜ਼ਮ ਜ਼ਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ।

Leave a Reply

Your email address will not be published. Required fields are marked *