ਸਕਾਟਲੈਂਡ ਪੁਲਸ ਨੇ ਸੋਨੇ ਦੇ ਗਹਿਣਿਆਂ ਦੀ ਚੋਰੀ ਮਾਮਲੇ ‘ਚ 5 ਵਿਅਕਤੀ ਕੀਤੇ ਗ੍ਰਿਫ਼ਤਾਰ

ਗਲਾਸਗੋ : ਸਕਾਟਲੈਂਡ ‘ਚ ਘਰਾਂ ‘ਚ ਸੰਨ੍ਹ ਲਾ ਕੇ ਚੋਰੀ ਦੀਆਂ ਵਾਰਦਾਤਾਂ ਵੱਧ ਗਈਆਂ ਹਨ। 3 ਜਨਵਰੀ ਤੋਂ 14 ਜਨਵਰੀ ਤੱਕ ਸਕਾਟਲੈਂਡ ਪੁਲਸ ਨੂੰ ਗਲਾਸਗੋ ਅਤੇ ਨਿਊਟਨ ਮੈਰਨਜ਼ ਇਲਾਕੇ ‘ਚ ਚੋਰੀ ਦੀਆਂ ਵਾਰਦਾਤਾਂ ਸੰਬੰਧੀ 17 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਸ ਵੱਲੋਂ ਤਲਾਸ਼ੀ ਵਾਰੰਟ ਹਾਸਲ ਕਰਨ ਉਪਰੰਤ ਪੱਛਮੀ ਕਿਲਬਰਾਈਡ ਦੇ ਇਕ ਘਰ ‘ਚ ਛਾਪਾ ਮਾਰ ਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਉਮਰ 22 ਤੋਂ 28 ਸਾਲ ਦਰਮਿਆਨ ਦੱਸੀ ਗਈ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਇਸ ਵੀਰਵਾਰ ਗਲਾਸਗੋ ਸ਼ੈਰਿਫ ਕੋਰਟ ਵਿਖੇ ਪੇਸ਼ ਕੀਤਾ ਜਾਵੇਗਾ। ਕਮਿਊਨਿਟੀ ਇਨਵੈਸਟੀਗੇਸ਼ਨ ਯੂਨਿਟ ਗਵਨ ਦੇ ਡਿਟੈਕਟਿਵ ਇੰਸਪੈਕਟਰ ਗੈਰੀ ਕੈਸਿਡੀ ਨੇ ਦੱਸਿਆ ਕਿ ਚੋਰਾਂ ਵੱਲੋਂ ਸੋਨੇ ਦੇ ਗਹਿਣਿਆਂ, ਮਹਿੰਗੀਆਂ ਵਸਤਾਂ ਜਾਂ ਨਕਦੀ ‘ਤੇ ਹੱਥ ਸਾਫ਼ ਕਰਨ ਲਈ ਘਰਾਂ ‘ਚ ਸੰਨ੍ਹ ਲਾਈ ਜਾਂਦੀ ਹੈ। ਭਾਈਚਾਰੇ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਮਹਿੰਗੀਆਂ ਤੇ ਮੁੱਲਵਾਨ ਵਸਤਾਂ ਜਾਂ ਗਹਿਣੇ ਸੁੰਨੇ ਘਰਾਂ ‘ਚ ਰੱਖਣ ਤੋਂ ਗੁਰੇਜ ਕਰਨ। ਪਿਛਲੇ ਸਮਿਆਂ ‘ਚ ਵੀ ਦੇਖਣ ਨੂੰ ਮਿਲਿਆ ਹੈ ਕਿ ਜ਼ਿਆਦਾਤਰ ਚੋਰਾਂ ਵੱਲੋਂ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਘਰਾਂ ਨੂੰ ਵਧੇਰੇ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਏਸ਼ੀਆਈ ਲੋਕ ਸ਼ੁੱਧ ਸੋਨੇ ਦੇ ਗਹਿਣਿਆਂ ਨੂੰ ਤਰਜੀਹ ਦਿੰਦੇ ਹਨ। ਜਿਸ ਕਰਕੇ ਇਨ੍ਹਾਂ ਗਹਿਣਿਆਂ ਦੀ ਬਾਜ਼ਾਰ ‘ਚ ਕੀਮਤ ਵੀ ਵਧੇਰੇ ਹੁੰਦੀ ਹੈ।

Leave a Reply