15 ਸਾਲਾ ਕੁੜੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਦੇ-ਮਾਰਦੇ ਸੀ ਭੂਆ-ਫੁੱਫੜ, ਚਾਈਲਡ ਹੈਲਪ ਲਾਈਨ ਦੀ ਕੁਆਰਡੀਨੇਟਰ ਨੇ ਦਿੱਤੇ ਸਖ਼ਤ ਕਾਰਵਾਈ ਦੇ ਆਦੇਸ਼

ਡੇਰਾਬੱਸੀ : ਬੀਤੇ ਦਿਨੀਂ ਇਥੋਂ ਨਜ਼ਦੀਕੀ ਪਿੰਡ ਬਰੋਲੀ ਵਿਖੇ ਭੂਆ ਅਤੇ ਫੁਫੜ ਵੱਲੋਂ ਪੰਦਰਾਂ ਸਾਲਾਂ ਦੀ ਲੜਕੀ ਨੂੰ ਘਰ ਦੇ ਅੰਦਰ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪਿੰਡ ਬਰੋਲੀ ਦੇ ਵਿਅਕਤੀਆਂ ਨੇ ਕੁੜੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸੁਰੂ ਕਰ ਦਿੱਤੀ।

ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਰੋਲੀ ਦੀ ਰਹਿਣ ਵਾਲੀ ਮਹਿਲਾ ਅਕਬਰੀ ਪਤਨੀ ਸਾਬਰਦੀਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿੰਡ ਬਰੋਲੀ ਵਿਖੇ ਜਾਗੀਰ ਖਾਨ ਤੇ ਉਸ ਦੀ ਪੋਤੀ ਮਹਿਕ 17 ਸਾਲਾ, ਪੋਤੀ ਰੁਕਸਾਨਾ 15 ਸਾਲਾ ਤੇ ਉਸਦੀ ਲੜਕੀ ਸਬੀਨਾ ਤੇ ਜਵਾਈ ਜਰਨੈਲ ਸਿੰਘ ਵੀ ਉਨ੍ਹਾਂ ਦੇ ਪਿੰਡ ਵਿੱਚ ਰਹਿ ਰਹੇ ਹਨ। ਜਾਗੀਰ ਖਾਨ ਦੇ ਲੜਕੇ ਮਹੁੰਮਦ ਸਦੀਕ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਸਬੀਨਾ ਨੇ ਦੂਸਰਾ ਵਿਆਹ ਕਰ ਲਿਆ ਸੀ। ਜਿਸ ਤੋਂ ਬਾਅਦ ਉਸ ਦੀ ਦੋਵੇਂ ਕੁੜੀਆਂ ਦੀ ਦੇਖਭਾਲ ਜਾਗੀਰ ਖਾਨ ਤੇ ਉਸ ਦੀ ਲੜਕੀ ਸਬੀਨਾ ਕਰ ਰਹੇ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 18 ਜਨਵਰੀ ਨੂੰ ਵਕਤ ਕਰੀਬ 12 ਵਜੇ ਦੁਪਹਿਰ ਦਾ ਸੀ। ਉਨ੍ਹਾਂ ਦੇ ਘਰ ਨੇੜਿਓਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਜਾਗੀਰ ਖਾਨ ਦੀ ਲੜਕੀ ਤੇ ਉਸ ਦਾ ਜਵਾਈ ਜਰਨੈਲ ਸਿੰਘ ਆਪਣੀ ਭਤੀਜੀ ਰੁਕਸਾਨਾ ਨੂੰ ਕੁੱਟਮਾਰ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਭੂਆ ਸਬੀਨਾ ਨੇ ਵਿਹੜੇ ‘ਚ ਪਿਆ ਪੱਥਰ ਰੁਕਸਾਨਾ ਦੇ ਸਿਰ ‘ਤੇ ਮਾਰਿਆ।

ਰੁਕਸਾਨਾ ਗੰਭੀਰ ਜ਼ਖ਼ਮੀ ਹੋ ਗਈ। ਬਾਅਦ ‘ਚ ਦੋਸ਼ੀਆਂ ਨੇ ਕੁੜੀ ਨੂੰ ਰੱਸੀ ਨਾਲ ਬੰਨ੍ਹ ਕੇ ਘਰ ਵਿੱਚ ਬੰਦ ਕਰ ਲਿਆ। ਉਸ ਤੋਂ ਬਾਅਦ ਪਿੰਡ ਦੇ ਦਰਜਨਾਂ ਵਿਅਕਤੀਆਂ ਜਗੀਰ ਖਾਨ ਦੇ ਘਰ ਜਾ ਕੇ ਦੇਖਿਆ ਤਾਂ 15 ਸਾਲਾਂ ਰੁਕਸਾਨਾ ਨੂੰ ਉਸ ਦੀ ਭੂਆ ਤੇ ਫੁਫੜ ਨੇ ਰੱਸੀਆਂ ਨਾਲ ਬੰਨ੍ਹ ਕੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ। ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਛੁਡਾਇਆ ਗਿਆ ਤੇ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਦੇ ਪੁੱਛਣ ‘ਤੇ ਰੁਕਸਾਨਾ ਨੇ ਦੱਸਿਆ ਕਿ ਉਸ ਦੀ ਭੂਆ ਤੇ ਫੁਫੜ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਘਰ ਵਿੱਚ ਕੈਦ ਕੀਤਾ ਹੋਇਆ ਸੀ ਅਤੇ ਅਕਸਰ ਉਸਦੀ ਕੁੱਟਮਾਰ ਕਰਦੇ ਸਨ। ਇਸ ਮਾਮਲੇ ‘ਚ ਐਕਸ਼ਨ ਲੈਂਦੇ ਹੋਏ ਚਾਈਲਡ ਹੈਲਪ ਲਾਈਨ ਦੀ ਕੁਆਰਡੀਨੇਟਰ ਸ਼ੀਤਲ ਸੰਗੋਥਾ ਨੇ ਸਰਕਾਰੀ ਹਸਪਤਾਲ ਡੇਰਾਬੱਸੀ ਦਾ ਦੌਰਾ ਕਰ ਕੇ ਪੁਲਿਸ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਡੇਰਾਬੱਸੀ ਪੁਲਿਸ ਹਰਕਤ ਵਿੱਚ ਆਈ ਅਤੇ ਦੋਸ਼ੀ ਸਬੀਨਾ ਅਤੇ ਜਰਨੈਲ ਸਿੰਘ ਦੇ ਖਿਲਾਫ ਧਾਰਾ 323, 342, 506, 75 ਜੁਵਲਾਈਨ ਐਕਟ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕਿਸੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

Leave a Reply

error: Content is protected !!