ਭੁਲੱਥ ‘ਚ ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਭੁਲੱਥ: ਹਲਕਾ ਭੁਲੱਥ ਵਿਖੇ ਟੈਕਸੀ ਡਰਾਈਵਰ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਮਗਰੋਂ ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈ ਥਾਣਾ ਭੁਲੱਥ ਮੂਹਰੇ ਧਰਨਾ ਲਗਾ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਭੁਲੱਥ ਸ਼ਹਿਰ ਦੇ ਮੁਹੱਲਾ ਕਮਰਾਏ ਵਿਖੇ ਬੀਤੀ ਰਾਤ ਗਲੀ ਵਿਚ ਟੈਕਸੀ ਡਰਾਈਵਰ ਕੰਮ ਲਈ ਜਾਣ ਲੱਗਾ ਸੀ, ਜਿਸ ਦੌਰਾਨ ਕਾਰ ਵਿਚ ਆਏ ਐੱਨ. ਆਰ. ਆਈ. ਨੌਜਵਾਨ ਵੱਲੋਂ ਤੇਜਧਾਰ ਹਥਿਆਰ ਨਾਲ ਟੈਕਸੀ ਡਰਾਈਵਰ ਸਮੇਤ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।

ਇਸ ਦੌਰਾਨ ਇਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਬ ਡਿਵੀਜ਼ਨ ਹਸਪਤਾਲ ਭੁਲੱਥ ਵੱਲੋਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਤੋਂ ਇਹ ਦੋਵੇਂ ਨੌਜਵਾਨ ਜਲੰਧਰ ਦੇ ਜੌਹਲ ਹਸਪਤਾਲ ਵਿਚ ਜੇਰੇ ਇਲਾਜ ਹਨ ਪਰ ਸਵੇਰੇ ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਮੰਗੀ ਪੁੱਤਰ ਰਘਬੀਰ ਸਿੰਘ ਵਾਸੀ ਕਮਰਾਏ ਹੈ। ਜੋ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਦੂਜੇ ਪਾਸੇ ਭੁਲੱਥ ਪੁਲਸ ਵੱਲੋਂ ਬਾਅਦ ਦੁਪਹਿਰ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਥਾਣਾ ਭੁਲੱਥ ਮੂਹਰੇ ਧਰਨਾ ਲਗਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Leave a Reply