ਨਵਾਜ਼ੂਦੀਨ ਸਿੱਦੀਕੀ ਦੀ ਮਾਂ ਨੇ ਨੂੰਹ ਖ਼ਿਲਾਫ਼ ਦਰਜ ਕਰਵਾਈ FIR, ਜਾਣੋ ਕੀ ਹੈ ਮਾਮਲਾ

ਮੁੰਬਈ:  ਬਾਲੀਵੁੱਡ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਆਉਂਦੇ ਹਨ। ਨਵਾਜ਼ੂਦੀਨ ਪਹਿਲਾ ਆਪਣੀ ਪਤਨੀ ਆਲੀਆ ਉਰਫ ਜ਼ੈਨਬ ਨਾਲ ਸਬੰਧਾਂ ‘ਚ ਤਣਾਅ ਕਾਰਨ ਸੁਰਖੀਆਂ ‘ਚ ਰਹੇ ਹਨ ਅਤੇ ਹੁਣ ਖ਼ਬਰ ਹੈ ਕਿ ਅਦਾਕਾਰ ਦੀ ਮਾਂ ਨੇ ਵਰਸੋਵਾ ਪੁਲਸ ਸਟੇਸ਼ਨ ‘ਚ ਆਪਣੀ ਨੂੰਹ ਜ਼ੈਨਬ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਨਵਾਜ਼ੂਦੀਨ ਦੀ ਪਤਨੀ ਨੂੰ ਪੁਲਸ ਸਟੇਸ਼ਨ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਨਵਾਜ਼ੂਦੀਨ ਦੀ ਮਾਂ ਨੇ ਨੂੰਹ ‘ਤੇ ਦਰਜ ਕਰਵਾਈ ਰਿਪੋਰਟ

ਨਿਊਜ਼ ਏਜੰਸੀ ਏ. ਐੱਨ. ਆਈ. ਦੀਆਂ ਰਿਪੋਰਟਾਂ ਮੁਤਾਬਕ, ਨਵਾਜ਼ੂਦੀਨ ਸਿੱਦੀਕੀ ਦੀ ਮਾਂ ਮੇਹਰੂਨਸਾ ਸਿੱਦੀਕੀ ਦੀ ਸ਼ਿਕਾਇਤ ‘ਤੇ ਪੁਲਸ ਨੇ ਅਦਾਕਾਰ ਦੀ ਦੂਜੀ ਪਤਨੀ ਜ਼ੈਨਬ ‘ਤੇ ਰਿਪੋਰਟ ਦਰਜ ਕੀਤੀ ਹੈ। ਵਰਸੋਵਾ ਪੁਲਸ ਨੇ ਜ਼ੈਨਬ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਵਰਸੋਵਾ ਪੁਲਸ ਮੁਤਾਬਕ, ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਦਾ ਆਪਣੀ ਮਾਂ ਨਾਲ ਝਗੜਾ ਹੋਇਆ ਸੀ, ਜਿਸ ਦੇ ਆਧਾਰ ‘ਤੇ ਇਹ ਰਿਪੋਰਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਨਵਾਜ਼ੂਦੀਨ ਦੀ ਮਾਂ ਮੇਹੁਰੂਨੀਸਾ ਅਤੇ ਉਨ੍ਹਾਂ ਦੀ ਪਤਨੀ ਜ਼ੈਨਬ ਉਰਫ਼ ਆਲੀਆ ਵਿਚਕਾਰ ਕਿਸੇ ਜਾਇਦਾਦ ਨੂੰ ਲੈ ਕੇ ਝਗੜਾ ਹੋਇਆ ਸੀ।

ਨਵਾਜ਼ੂਦੀਨ ਦੀ ਦੂਜੀ ਪਤਨੀ ਹੈ ਜ਼ੈਨਬ
ਨਵਾਜ਼ੂਦੀਨ ਸਿੱਦੀਕੀ ਨੇ ਦੋ ਵਾਰ ਵਿਆਹ ਕਰਵਾਇਆ ਹੈ। ਅਦਾਕਾਰ ਦਾ ਪਹਿਲਾ ਵਿਆਹ ਆਪਣੀ ਮਾਂ ਦੀ ਪਸੰਦ ਦੀ ਕੁੜੀ ਸ਼ੀਬਾ ਨਾਲ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਨਵਾਜ਼ੂਦੀਨ ਸ਼ੀਬਾ ਨੂੰ ਬਹੁਤ ਪਸੰਦ ਕਰਦੇ ਸਨ ਪਰ ਉਨ੍ਹਾਂ ਦੇ ਭਰਾ ਦੇ ਦਖ਼ਲ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਅਤੇ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। ਇਸ ਤੋਂ ਬਾਅਦ ਨਵਾਜ਼ੂਦੀਨ ਸਿੱਦੀਕੀ ਨੇ ਸਾਲ 2010 ‘ਚ ਅੰਜਲੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਅੰਜਲੀ ਨਾਲ ਲਵ ਮੈਰਿਜ ਕਰਵਾਈ ਸੀ। ਅਦਾਕਾਰਾ ਨਾਲ ਵਿਆਹ ਕਰਨ ਲਈ ਅੰਜਲੀ ਨੇ ਆਪਣਾ ਨਾਂ ਬਦਲਣ ਦੇ ਨਾਲ-ਨਾਲ ਆਪਣਾ ਧਰਮ ਵੀ ਬਦਲ ਲਿਆ ਅਤੇ ਆਪਣਾ ਨਾਂ ਬਦਲ ਕੇ ਜ਼ੈਨਬ ਰੱਖ ਲਿਆ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਆਲੀਆ ਰੱਖ ਲਿਆ।

ਜ਼ੈਨਬ ਨੇ ਨਵਾਜ਼ੂਦੀਨ ‘ਤੇ ਲਾਏ ਸਨ ਗੰਭੀਰ ਦੋਸ਼
ਖ਼ਬਰਾਂ ਮੁਤਾਬਕ, ਸਾਲ 2020 ‘ਚ ਲਾਕਡਾਊਨ ਦੌਰਾਨ ਆਲੀਆ ਨੇ ਨਵਾਜ਼ੂਦੀਨ ਸਿੱਦੀਕੀ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਉਸ ਨੇ ਨਵਾਜ਼ੂਦੀਨ ਅਤੇ ਉਸ ਦੇ ਪਰਿਵਾਰ ‘ਤੇ ਹਮਲੇ ਦੇ ਦੋਸ਼ ਲਾਏ ਸਨ। ਦੋਹਾਂ ਦੇ ਰਿਸ਼ਤਿਆਂ ‘ਚ ਇੰਨਾ ਤਣਾਅ ਸੀ ਕਿ ਗੱਲ ਤਲਾਕ ਤਕ ਪਹੁੰਚ ਗਈ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਿਚਾਲੇ ਸਭ ਕੁਝ ਠੀਕ-ਠਾਕ ਹੈ।

Leave a Reply