ਪੰਜਾਬ ‘ਚ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਪੈ ਸਕਦੈ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਜਲੰਧਰ: ਜਨਵਰੀ ਮਹੀਨੇ ਦੇ 20 ਦਿਨ ਤਕ ਸੀਤ ਲਹਿਰ ਅਤੇ ਧੁੰਦ ਦਾ ਪੂਰਾ ਜ਼ੋਰ ਰਿਹਾ। ਹੁਣ ਆਖਰੀ 7 ਦਿਨ ਹੋਰ ਠੰਡੇ ਰਹਿਣ ਦੀ ਸੰਭਾਵਨਾ ਹੈ, ਕਿਉਂਕਿ 7 ਦਿਨਾਂ ’ਚ ਜਿੱਥੇ ਧੁੱਪ ਖਿੜੇਗੀ, ਉਥੇ ਹੀ ਅੰਸ਼ਿਕ ਬੱਦਲ ਵੀ ਛਾਉਣ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਨਾਲ ਵਧ ਤੋਂ ਵਧ ਤਾਪਮਾਨ 17 ਡਿਗਰੀ ਤਾਂ ਘੱਟੋ-ਘੱਟ 10 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ।
ਪਿਛਲੇ 5 ਸਾਲਾਂ ਦੇ ਮੁਕਾਬਲੇ ਆਲੂ ਦੀ ਫ਼ਸਲ ਲਈ ਵਧੀਆ ਰਹੇ ਨੇ 2 ਮਹੀਨੇ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨਰੇਸ਼ ਗੁਲਾਟੀ ਨੇ ਕਿਹਾ ਕਿ ਆਲੂ ਦੀ ਫ਼ਸਲ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਕਈ ਕਿਸਾਨਾਂ ਨੇ ਮੰਡੀਆਂ ’ਚ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਪੂਰੇ ਜ਼ਿਲ੍ਹੇ ’ਚ ਆਲੂ ਦੀ ਫ਼ਸਲ ਕਾਫ਼ੀ ਵਧੀਆ ਰਹੀ, ਜਿਸ ਦਾ ਮੁੱਖ ਕਾਰਨ ਮੌਸਮ ਰਿਹਾ। ਪਿਛਲੇ 5 ਸਾਲਾਂ ’ਚ ਇਸ ਸਾਲ ਜੋ ਸਾਲ 2022 ਦੇ ਆਖਰੀ ਮਹੀਨੇ ਸਨ ਉਹ ਕਾਫ਼ੀ ਵਧੀਆ ਰਹੇ। ਮੌਸਮ ਦੇ ਲਿਹਾਜ਼ ਨਾਲ ਵੀ ਹੋਰ ਬਿਜਾਈ ਦੇ ਹਿਸਾਬ ਨਾਲ ਵੀ, ਕਿਉਂਕਿ ਜਦੋਂ ਆਲੂ ਦੀ ਫ਼ਸਲ ਲਾਈ ਗਈ ਤਾਂ ਤੁਰੰਤ ਮੌਸਮ ਨੇ ਕਰਵਟ ਲਈ, ਜਿਸ ਤੋਂ ਬਾਅਦ ਸੰਘਣੀ ਧੁੰਦ ਅਤੇ ਨਮੀ ਜ਼ਿਆਦਾ ਹੋਣ ਲੱਗੀ, ਜਿਸ ਨਾਲ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਨਹੀਂ ਪਈ। ਇਸੇ ਤਰ੍ਹਾਂ ਨਾਲ ਹੁਣ ਕਣਕ ਦੀ ਫ਼ਸਲ ਵੀ ਵਧੀਆ ਹੋਵੇਗੀ। ਹੁਣ ਜੋ ਮੀਂਹ ਪੈਣਗੇ ਉਸ ਨਾਲ ਪਾਣੀ ਦੀ ਕਮੀ ਵੀ ਪੂਰੀ ਹੋ ਜਾਵੇਗੀ।