ਵੀਜ਼ਾ ਦੀ ਉਡੀਕ ਘੱਟ ਕਰਨ ਲਈ US ਨੇ ਕੀਤੀ ਨਵੀਂ ਪਹਿਲ
ਨਵੀਂ ਦਿੱਲੀ- ਭਾਰਤ ‘ਚ ਵੀਜ਼ਾ ਪ੍ਰਕਿਰਿਆ ‘ਚ ਦੇਰੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਅਮਰੀਕਾ ਨੇ ਨਵੀਂ ਪਹਿਲ ਕੀਤੀ ਹੈ। ਅਮਰੀਕਾ ਨੇ ਪਹਿਲੀ ਵਾਰ ਅਪਲਾਈ ਕਰਨ ਵਾਲਿਆਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਤੈਅ ਕਰਨ ਅਤੇ ਕੌਂਸਲਰ ਸਟਾਫ਼ ਦੀ ਗਿਣਤੀ ਵਧਾਉਣ ਦੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਵੀਜ਼ਾ ਉਡੀਕ ਨੂੰ ਘੱਟ ਕਰਨ ਦੇ ਬਹੁ-ਪੱਖੀ ਦ੍ਰਿਸ਼ਟੀਕੋਣ ਤਹਿਤ ਦਿੱਲੀ ਵਿਚ ਅਮਰੀਕੀ ਦੂਤਘਰ ਅਤੇ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿਚ ਵਣਜ ਦੂਤਘਰਾਂ (ਕੌਂਸਲੇਟਾਂ) ਨੇ 21 ਜਨਵਰੀ ਨੂੰ ‘ਸਪੈਸ਼ਨ ਸ਼ਨੀਵਾਰ ਇੰਟਰਵਿਊ ਦਿਵਸ’ ਦਾ ਆਯੋਜਨ ਕੀਤਾ।
ਇਕ ਬਿਆਨ ਵਿਚ ਕਿਹਾ ਗਿਆ ਕਿ ਨਵੀਂ ਦਿੱਲੀ ‘ਚ ਅਮਰੀਕੀ ਦੂਤਘਰ ਅਤੇ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ‘ਚ ਵਣਜ ਦੂਤਘਰਾਂ ਨੇ ਸ਼ਨੀਵਾਰ ਨੂੰ ਉਨ੍ਹਾਂ ਬਿਨੈਕਾਰਾਂ ਲਈ ਵਣਜ ਦੂਤਘਰ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਵੀਜ਼ਾ ਇੰਟਰਵਿਊ ਦੀ ਲੋੜ ਹੁੰਦੀ ਹੈ।