ਪਤੀ ਦੀ ਵੰਡ! ਦੋਹਾਂ ਪਤਨੀਆਂ ਨਾਲ 3-3 ਦਿਨ ਬਿਤਾਉਣ ’ਤੇ ਹੋਈ ਸਹਿਮਤੀ, ਇਕ ਦਿਨ ਚੱਲੇਗੀ ਉਸ ਦੀ ਮਰਜ਼ੀ

ਮੁਰਾਦਾਬਾਦ:  ਇੱਥੇ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਪਤਨੀਆਂ ਨੇ ਆਪਣੇ ਇਕ ਪਤੀ ਲਈ ਹਫਤੇ ਦੇ 3-3 ਦਿਨ ਵੰਡ ਲਏ ਹਨ। ਪਤੀ ਪਹਿਲੀ ਪਤਨੀ ਨਾਲ ਸੋਮਵਾਰ ਤੋਂ ਬੁੱਧਵਾਰ ਤੱਕ ਅਤੇ ਦੂਜੀ ਪਤਨੀ ਨਾਲ ਵੀਰਵਾਰ ਤੋਂ ਸ਼ਨੀਵਾਰ ਤੱਕ ਰਹੇਗਾ। ਐਤਵਾਰ ‘ਛੁੱਟੀ’ ਹੋਵੇਗੀ ਤੇ ਉਸ ਦਿਨ ਪਤੀ ਆਪਣੇ ਮਾਤਾ-ਪਿਤਾ ਜਾਂ ਰਿਸ਼ਤੇਦਾਰਾਂ ਕੋਲ ਜਾ ਸਕਦਾ ਹੈ। ਇਹ ਸਮਝੌਤਾ ਪਤਨੀਆਂ ਅਤੇ ਪਤੀ ਵਿਚਾਲੇ ਕੌਂਸਲਿੰਗ ਤੋਂ ਬਾਅਦ ਹੋਇਆ ਹੈ। ਇਸ ਤੋਂ ਬਾਅਦ ਵਿਵਾਦ ਖ਼ਤਮ ਹੋ ਗਿਆ। ਜ਼ਿਲ੍ਹੇ ਦੇ ਠਾਕੁਰਦੁਆਰੇ ਦੀ ਰਹਿਣ ਵਾਲੀ ਇਕ ਔਰਤ ਨੇ ਦੋ ਮਹੀਨੇ ਪਹਿਲਾਂ ਐੱਸ. ਐੱਸ. ਪੀ. ਹੇਮਰਾਜ ਮੀਨਾ ਨੂੰ ਸ਼ਿਕਾਇਤ ਪੱਤਰ ਸੌਂਪਦਿਆਂ ਦੱਸਿਆ ਸੀ ਕਿ 2017 ‘ਚ ਉਸ ਦਾ ਵਿਆਹ ਗੌਤਮ ਬੁੱਧ ਨਗਰ ਦੇ ਜੇਵਰ ਥਾਣਾ ਖੇਤਰ ਦੀ ਕਿਲਾ ਕਾਲੋਨੀ ਵਾਸੀ ਸਲੀਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਉਸ ਨੂੰ ਸਹੁਰੇ ਘਰ ਲੈ ਕੇ ਨਹੀਂ ਗਿਆ ਸੀ। ਸ਼ਹਿਰ ਵਿਚ ਹੀ ਉਹ ਉਸ ਨਾਲ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ। ਜਦੋਂ ਔਰਤ ਨੇ ਸਹੁਰੇ ਘਰ ਜਾਣ ਦੀ ਜ਼ਿੱਦ ਕੀਤੀ ਤਾਂ ਪਤੀ ਨੇ ਇਨਕਾਰ ਕਰ ਦਿੱਤਾ। ਕੁਝ ਦਿਨ ਬਾਅਦ ਪਤੀ ਅਚਾਨਕ ਗਾਇਬ ਹੋ ਗਿਆ।

ਇਸ ਤੋਂ ਬਾਅਦ ਪ੍ਰੇਸ਼ਾਨ ਔਰਤ ਆਪਣੇ ਪਤੀ ਦੀ ਭਾਲ ਵਿਚ ਸਹੁਰੇ ਘਰ ਪਹੁੰਚੀ। ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਦੇ 3 ਬੱਚੇ ਹਨ। ਮਾਮਲੇ ਦਾ ਪਤਾ ਲੱਗਦਿਆਂ ਹੀ ਉਹ ਭੜਕ ਗਈ। ਇਸ ਤੋਂ ਬਾਅਦ ਉਸ ਨੇ ਐੱਸ.ਐੱਸ.ਪੀ. ਦਫ਼ਤਰ ਵਿੱਚ ਪੇਸ਼ ਹੋ ਕੇ ਸ਼ਿਕਾਇਤ ਕੀਤੀ। ਔਰਤ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਦੋਵਾਂ ਧਿਰਾਂ ਨੂੰ ਕੌਂਸਲਿੰਗ ਲਈ ਨਾਰੀ ਉਤਥਾਨ ਕੇਂਦਰ ਬੁਲਾਇਆ ਗਿਆ। ਪਤੀ ਨੇ ਕਿਹਾ ਕਿ ਉਸ ਦਾ ਆਪਣੀ ਦੂਜੀ ਪਤਨੀ ਨਾਲ ਕੋਈ ਝਗੜਾ ਨਹੀਂ ਹੈ। ਦੂਜੀ ਪਤਨੀ ਤੋਂ ਉਸ ਦੀ ਇੱਕ ਧੀ ਹੈ। ਉਹ ਦੂਜੀ ਪਤਨੀ ਨੂੰ ਵਸਾਉਣ ਲਈ ਤਿਆਰ ਹੈ। ਇਸ ਲਈ ਉਹ ਜੇਵਰ ਵਿੱਚ ਹੀ ਕਿਰਾਏ ਦਾ ਕਮਰਾ ਲੱਭ ਰਿਹਾ ਹੈ। ਇਸ ਦੇ ਨਾਲ ਹੀ ਕੌਂਸਲਿੰਗ ਦੌਰਾਨ ਦੂਜੀ ਪਤਨੀ ਨੇ ਕਿਹਾ ਕਿ ਜੇ ਉਸ ਦਾ ਪਤੀ ਪਹਿਲੀ ਪਤਨੀ ਦੇ ਨਾਲ ਹੀ ਉਸ ਨੂੰ ਆਪਣੇ ਕੋਲ ਰੱਖਣ ਲਈ ਰਾਜ਼ੀ ਹੈ ਤਾਂ ਉਸ ਨੂੰ ਕੋਈ ਸ਼ਿਕਾਇਤ ਨਹੀਂ ਹੈ ਪਰ ਦੋਵਾਂ ਨੂੰ ‘ਬਰਾਬਰ ਸਮਾਂ’ ਦੇਣਾ ਹੋਵੇਗਾ। ਇਸ ਦੇ ਨਾਲ ਹੀ ਪਹਿਲੀ ਪਤਨੀ ਨੇ ਕੁਝ ਸ਼ਰਤਾਂ ਮੰਨ ਲਈਆਂ। ਇਸ ਦੌਰਾਨ ਫੈਸਲਾ ਹੋਇਆ ਕਿ ਦੋਵੇਂ ਪਤਨੀਆਂ ਸਹੁਰੇ ਘਰ ਰਹਿਣਗੀਆਂ ਪਰ ਪਤੀ 3-3 ਦਿਨ ਦੋਵਾਂ ਦੇ ਨਾਲ ਰਹੇਗਾ ਜਦਕਿ ਇਕ ਦਿਨ ਉਹ ਆਪਣੀ ਮਰਜ਼ੀ ਨਾਲ ਰਹੇਗਾ। ਦੋਵਾਂ ਪਤਨੀਆਂ ਨੂੰ ਬਰਾਬਰ ਦਾ ਖਰਚਾ ਦੇਣ ਅਤੇ ਗੁਜ਼ਾਰੇ ਦੀ ਸ਼ਰਤ ਤੈਅ ਹੋਣ ਪਿੱਛੋਂ ਸਮਝੌਤਾ ਹੋ ਗਿਆ।

Leave a Reply