ਫਗਵਾੜਾ ‘ਚ ਬੇਅਦਬੀ ਦੀ ਘਟਨਾ, ਕੂੜੇ ਦੇ ਢੇਰ ‘ਚੋਂ ਮਿਲੇ ਸ੍ਰੀ ਗੁਟਕਾ ਸਾਹਿਬ

ਫਗਵਾੜਾ : ਪੰਜਾਬ ਵਿੱਚ ਅਕਸਰ ਹੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਜਿੱਥੇ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆ ਹਨ ਉਥੇ ਹੀ ਬੀਤੇ ਕਈ ਮਹੀਨੇ ਪਹਿਲਾ ਫਗਵਾੜਾ ਵਿਖੇ ਵਾਪਰੀ ਬੇਅਦਬੀ ਦੀ ਘਟਨਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਫੜਣ ਵਿੱਚ ਅਸਫਲ ਸਾਬਤ ਹੋਈ ਹੈ। ਫਗਵਾੜਾ ਵਿਖੇ ਇਕ ਹੋਰ ਵਾਪਰੀ ਬੇਅਦਬੀ ਦੀ ਘਟਨਾ ਨੇ ਫਗਵਾੜਾ ਪੁਲਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਵਰਿੰਦਰ ਪਾਰਕ ਨਜ਼ਦੀਕ ਬਣੇ ਕੂੜੇ ਦੇ ਡੰਪ ਤੋਂ ਜਿੱਥੇ ਕਿ ਸ਼੍ਰੀ ਗੁਟਕਾ ਸਾਹਿਬ ਕੂੜੇ ਦੇ ਢੇਰ ਵਿੱਚੋਂ ਬਰਾਮਦ ਕੀਤੇ ਗਏ।

ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਜਿੱਥੇ ਸਿੱਖ ਸੰਗਤਾਂ ਘਟਨਾ ਸਥਾਨ ‘ਤੇ ਪਹੁੰਚੀਆਂ, ਉਥੇ ਹੀ ਸਮੂਹ ਸੰਗਤਾਂ ਨੇ ਸ੍ਰੀ ਗੁਟਕਾ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਬੜੇ ਹੀ ਸਤਿਕਾਰ ਸਹਿਤ ਪਹੁੰਚਾਇਆ। ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਅਤੇ ਥਾਣਾ ਸਿਟੀ ਦੇ ਐੱਸ. ਐੱਸ. ਓ. ਅਮਨਦੀਪ ਨਾਹਰ ਪੁਲਸ ਪਾਰਟੀ ਨਾਲ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਮੋਹਕਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਸਮੂਹ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ।  ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਘਰ ਵਿੱਚ ਕੋਈ ਬਿਰਧ ਸਰੂਪ ਪਏ ਹਨ ਤਾਂ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੁੂੰ ਸੂਚਿਤ ਕਰ ਤਾਂ ਕਮੇਟੀ ਬੜੇ ਹੀ ਆਦਰ ਸਹਿਤ ਬਿਰਧ ਹੋਏ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਜਾਏਗੀ।

Leave a Reply

error: Content is protected !!