ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦਾ ਸੰਚਾਲਕ ਰਵੀ ਰਾਜਗੜ੍ਹ ਗ੍ਰਿਫ਼ਤਾਰ
ਚੰਡੀਗੜ੍ਹ: ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਕ ਏ. ਜੀ. ਟੀ. ਐੱਫ਼. ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਚਾਲਕ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਉਨ੍ਹਾਂ ਟਵੀਟ ਕਰਦਿਆਂ ਦੱਸਿਆ ਕਿ AGTF ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਚਾਲਕ ਰਾਜਵੀਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪੰਜਾਬ ਪੁਲਸ ਲਈ ਇਕ ਵੱਡੀ ਸਫ਼ਲਤਾ ਹੈ।
ਦੱਸ ਦੇਈਏ ਕਿ ਰਾਜਗੜ੍ਹ ਦਾ ਅਪਰਾਧਿਕ ਇਤਿਹਾਸ ਹੈ। ਪੰਜਾਬ ‘ਚ ਉਸ ਦੇ ਖ਼ਿਲਾਫ਼ ਕਤਲ ਅਤੇ ਆਈ. ਪੀ. ਸੀ. ਦੀ ਧਾਰਾ 307, ਆਰਮਜ਼ ਐਕਟ ਤਹਿਤ 10 ਐੱਫ. ਆਈ. ਆਰ. ਦਰਜ ਹਨ। ਡੀ. ਜੀ. ਪੀ. ਯਾਦਵ ਨੇ ਦੱਸਿਆ ਕਿ ਰਾਜਗੜ੍ਹ ਕੋਲੋਂ 30 ਕੈਲੀਬਰ ਚਾਈਨਾ ਮੇਡ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ ਪੰਜਾਬ ਪੁਲਸ, ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।