ਅਵਾਰਾ ਡੰਗਰਾਂ ਨੂੰ ਟਰਾਲੀਆਂ ’ਚ ਭਰ ਕੇ SDM ਦਫ਼ਤਰ ਪੁੱਜੇ ਕਿਸਾਨ, ਅਧਿਕਾਰੀਆਂ ਨੇ ਬੰਦ ਕੀਤਾ ਮੁੱਖ ਗੇਟ

ਸਮਰਾਲਾ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਸੂਬੇ ’ਚ ਲੱਖਾਂ ਦੀ ਗਿਣਤੀ ’ਚ ਘੁੰਮਦੇ ਆਵਾਰਾ ਡੰਗਰਾਂ  ਦੀ ਸਮੱਸਿਆਂ ਨੂੰ ਲੈ ਕੇ ਅੱਜ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ ਪਹਿਲਾਂ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਨਾ ਕੀਤਾ ਤਾਂ 27 ਜਨਵਰੀ ਨੂੰ ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਡੀ. ਐੱਮ. ਦਫ਼ਤਰਾਂ ‘ਚ ਛੱਡਣਗੇ। ਇਸ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਟਰਾਲੀਆਂ ‘ਚ ਬੇਸਹਾਰਾ ਪਸ਼ੂਆਂ ਨੂੰ ਭਰ ਕੇ ਲਿਆਂਦਾ ਗਿਆ ਅਤੇ ਕਿਸਾਨਾਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ ਜਾਰੀ ਰਿਹਾ। ਓਧਰ ਹਾਲਾਤ ਨੂੰ ਵੇਖਦੇ ਹੋਏ ਪ੍ਰਸਾਸ਼ਨ ਵੀ ਚੌਕਸ ਹੋ ਗਿਆ ਅਤੇ ਕਿਸਾਨਾਂ ਵੱਲੋਂ ਟਰਾਲੀਆਂ ‘ਚ ਲਿਆਂਦੇ ਇਨ੍ਹਾਂ ਪਸ਼ੂਆਂ ਨੂੰ ਐੱਸ. ਡੀ. ਐੱਮ. ਦੇ ਦਫ਼ਤਰ ਅਤੇ ਰਿਹਾਇਸ਼ ਵਿਖੇ ਵਾੜਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਦਫ਼ਤਰ ਦੇ ਮੁੱਖ ਗੇਟ ਨੂੰ ਅੰਦਰੋਂ ਬੰਦ ਕਰ ਲਿਆ ਗਿਆ।

ਬਾਹਰ ਕਿਸਾਨਾਂ ਦਾ ਭਾਰੀ ਇੱਕਠ ਸੀ ਅਤੇ ਕਿਸਾਨ ਇਨ੍ਹਾਂ ਪਸ਼ੂਆਂ ਨੂੰ ਅੰਦਰ ਛੱਡਣ ਲਈ ਬਜਿੱਦ ਵਿਖਾਈ ਦੇ ਰਹੇ ਸਨ। ਇਸ ਮੌਕੇ ਗੱਲਬਾਤ ਕਰਦਿਆ ਬੀ. ਕੇ. ਯੂ. ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੱਥੇਬੰਦੀ ਦੀ 8 ਜਨਵਰੀ ਨੂੰ ਹੋਈ ਸੂਬਾ ਪੱਧਰੀ ਮੀਟਿੰਗ ‘ਚ ਕਿਸਾਨਾਂ ਵੱਲੋਂ ਲੋਕਾਂ ਲਈ ਵੱਡੀ ਮੁਸ਼ਕਲ ਬਣੇ ਇਨ੍ਹਾਂ ਆਵਾਰ ਡੰਗਰਾਂ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਫ਼ਤਰਾਂ ‘ਚ ਛੱਡੇ ਜਾਣ ਦੀ ਚਿਤਵਾਨੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕੇ ਗਏ। ਇਸ ਲਈ ਅੱਜ ਸੈਂਕੜਿਆਂ ਦੀ ਗਿਣਤੀ ‘ਚ ਇਲਾਕੇ ਦੇ ਕਿਸਾਨ ਇੱਥੇ ਇੱਕਠੇ ਹੋਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਐੱਸ. ਡੀ. ਐੱਮ. ਦਫ਼ਤਰ ਦੇ ਗੇਟ ਨਹੀਂ ਖੋਲ੍ਹਦਾ ਤਾਂ ਕਿਸਾਨ ਇਨ੍ਹਾਂ ਲਿਆਂਦੇ ਗਏ ਪਸ਼ੂਆਂ ਨੂੰ ਕੰਧਾਂ ਟਪਾ ਕੇ ਅੰਦਰ ਵਾੜਨ ਲਈ ਮਜ਼ਬੂਰ ਹੋਵੇਗਾ। ਉਨ੍ਹਾਂ ਖੇਤਾਂ ਲਈ 10 ਘੰਟੇ ਬਿਜਲੀ ਦੇਣ ਦੀ ਮੰਗ ਸਮੇਤ ਘਰੇਲੂ ਬਿਜਲੀ ’ਤੇ ਲਗਾਏ ਜਾਣ ਵਾਲੇ ਕੱਟ ਤੁਰੰਤ ਬੰਦ ਕਰਨ ਦੀ ਵੀ ਮੰਗ ਕੀਤੀ ਹੈ। ਬਾਅਦ ‘ਚ ਸਥਾਨਕ ਪ੍ਰਸਾਸ਼ਨ ਅਤੇ ਪੁਲਸ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਦੇ ਹੋਏ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਮੁਸ਼ਕਲ ਸਰਕਾਰ ਤੱਕ ਪਹੁੰਚਦੀ ਕਰਕੇ ਹੱਲ ਕੱਢਿਆ ਜਾਵੇਗਾ। ਫਿਲਹਾਲ ਕਿਸਾਨਾਂ ਵੱਲੋਂ ਟਰਾਲੀਆਂ ‘ਚ ਲਿਆਂਦੇ ਗਏ ਸਾਰੇ ਅਵਾਰਾ ਡੰਗਰਾਂ ਨੂੰ ਸਥਾਨਕ ਗਊਸ਼ਾਲਾ ‘ਚ ਭੇਜ ਦਿੱਤਾ ਗਿਆ ਹੈ।

Leave a Reply