ਅਨੰਤਨਾਗ ’ਚ ਪੁਲਸ ਪ੍ਰਬੰਧ ਢਹਿ-ਢੇਰੀ ਹੋਣ ਕਾਰਨ ਯਾਤਰਾ ਕਰਨੀ ਪਈ ਰੱਦ : ਰਾਹੁਲ
ਅਨੰਤਨਾਗ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪੁਲਸ ਪ੍ਰਬੰਧ ਢਹਿ-ਢੇਰੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਸਲਾਹ ’ਤੇ ਅੱਜ ਦੀ ਯਾਤਰਾ ਰੱਦ ਕਰ ਦਿੱਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਸ ਯਾਤਰਾ ਅਤੇ ਸਬੰਧਤ ਪ੍ਰੋਗਰਾਮਾਂ ‘ਚ ਅਜਿਹਾ ਨਹੀਂ ਹੋਣਾ ਚਾਹੀਦਾ। ਕਾਂਗਰਸ ਨੇਤਾ ਨੇ ਜੰਮੂ ਖੇਤਰ ਦੇ ਬਨਿਹਾਲ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਬੁਲੇਟਪਰੂਫ ਵਾਹਨ ‘ਚ ਜਵਾਹਰ ਸੁਰੰਗ ਪਾਰ ਕਰ ਕੇ ਘਾਟੀ ਨੂੰ ਕਾਜੀਗੁੰਡ ਇਲਾਕੇ ‘ਚ ਦਾਖ਼ਲ ਹੋਏ ਪਰ ਇਸ ਤੋਂ ਬਾਅਦ 500 ਮੀਟਰ ਵੀ ਨਹੀਂ ਚੱਲ ਸਕੇ। ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਯਾਤਰਾ ਰੋਕਣ ਲਈ ਕਿਹਾ, ਕਿਉਂਕਿ ਭੀੜ ਨੂੰ ਸੰਭਾਲਣ ਲਈ ਪੁਲਸ ਮੁਲਾਜ਼ਮ ਮੌਜੂਦ ਨਹੀਂ ਸਨ।