ਕਸ਼ਮੀਰ ’ਚ ਭਾਰਤ ਜੋੜੇ ਯਾਤਰਾ ਮੁੜ ਸ਼ੁਰੂ: ਰਾਹੁਲ ਨਾਲ ਤੁਰੀਆਂ ਮਹਿਬੂਬਾ ਤੇ ਇਲਤਿਜ਼ਾ
ਅਵੰਤੀਪੁਰਾ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਤੋਂ ਆਪਣੀ ‘ਭਾਰਤ ਜੋੜੋ ਯਾਤਰਾ’ ਮੁੜ ਸ਼ੁਰੂ ਕੀਤੀ। ਇੱਕ ਦਿਨ ਪਹਿਲਾਂ ਪਾਰਟੀ ਨੇ ਸੁਰੱਖਿਆ ਖਾਮੀਆਂ ਦੇ ਦੋਸ਼ਾਂ ਤੋਂ ਬਾਅਦ ਯਾਤਰਾ ਨੂੰ ਅਸਥਾਈ ਤੌਰ ‘ਤੇ ਅਨੰਤਨਾਗ ਜ਼ਿਲ੍ਹੇ ਵਿੱਚ ਰੋਕ ਦਿੱਤਾ ਸੀ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਅਤੇ ਉਨ੍ਹਾਂ ਦੀ ਬੇਟੀ ਇਲਤਿਜ਼ਾ ਮੁਫ਼ਤੀ ਨੂੰ ਅੱਜ ਅਵੰਤੀਪੁਰਾ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਦੇ ਨਾਲ ਕਦਮ ਮਿਲਾ ਕੇ ਚਲਦੇ ਦੇਖਿਆ ਗਿਆ। ਮਹਿਬੂਬਾ ਦੀ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ ’ਚ ਯਾਤਰਾ ’ਚ ਸ਼ਾਮਲ ਹੋਏ।
ਲੇਥਪੁਰਾ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ 2019 ‘ਚ ਹੋਏ ਆਤਮਘਾਤੀ ਹਮਲੇ ‘ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ 40 ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ‘ਭਾਰਤ ਜੋੜੋ ਯਾਤਰਾ’ ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਘਾਟੀ ਵਿਚ ਪਹੁੰਚੇ ਰਾਹੁਲ ਨੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਉਸ ਸਥਾਨ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿੱਥੇ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਨੇ ਸੀਆਰਪੀਐੱਫ ਦੇ ਕਾਫਲੇ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ।