ਇਟਾਲੀਅਨ ਨੇਵੀ ‘ਚ ਭਰਤੀ ਹੋਈ ਜਲੰਧਰ ਦੀ ਮਨਰੂਪ ਕੌਰ

ਮਿਲਾਨ: ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਮਾਪਿਆਂ ਦੇ ਨਾਲ- ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਮਨਰੂਪ ਕੌਰ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸਬੰਧ ਰੱਖਦੀ ਹੈ। ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਧੀ ਮਨਰੂਪ ਕੌਰ ਨੇ ਇਟਾਲੀਅਨ ਜਲ ਸੈਨਾ ਵਿੱਚ ਭਰਤੀ ਹੋਣ ਦੇ ਮੰਤਵ ਦੇ ਨਾਲ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲਾ ਵੱਲੋਂ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਸੀ।

ਪ੍ਰੀਖਿਆ ਦੌਰਾਨ ਉਸ ਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆ ਵਿੱਚੋਂ 82 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ ਦਾਅਵੇਦਾਰਾਂ ਵਿੱਚ ਥਾਂ ਬਣਾਈ। ਇਸ ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜ਼ੀਕਲ ਪ੍ਰੀਖਿਆ ਵਿੱਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਾਲੀਅਨ ਜਲ ਸੈਨਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਵਾਸਤਵਿਕ ਰੂਪ ਵਿੱਚ ਸਾਕਾਰ ਕੀਤਾ। ਇਟਲੀ ਦੇ ਸਰਦੇਨੀਆ ਰਾਜ ਵਿੱਚ ਸਥਿੱਤ ਇਟਾਲੀਅਨ ਨੇਵੀ ਦੇ ਮਾਦੇਲੇਨਾ ਕੋਚਿੰਗ ਸੈਂਟਰ ਤੋਂ 5 ਹਫ਼ਤਿਆਂ ਦੀ ਬਕਾਇਦਾ ਸਿਖਲਾਈ ਲੈਣ ਉਪਰੰਤ ਹੁਣ ਮਨਰੂਪ ਕੌਰ ਮੋਨਫਲਕੋਨੇ (ਗੋਰੀਸੀਆ) ਵਿਖੇ ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਨਰੂਪ ਕੌਰ ਨੇ ਕਿਹਾ ਕਿ ਇਟਾਲੀਅਨ ਨੇਵੀ ਵਿੱਚ ਭਰਤੀ ਹੋਣ ਦੇ ਲਈ ਉਸ ਨੂੰ ਉਸ ਦੇ ਮਾਪਿਆਂ ਨੇ ਹਮੇਸ਼ਾ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ‘ਤੇ ਸਹਿਯੋਗ ਦਿੱਤਾ। ਉੱਧਰ ਮਨਰੂਪ ਦੇ ਮਾਪਿਆਂ ਨੇ ਵੀ ਆਪਣੀ ਧੀ ਦੀ ਇਸ ਪ੍ਰਾਪਤੀ ਉੱਤੇ ਅਥਾਹ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Leave a Reply