ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ
ਮਲੋਟ : ਦੁਬਈ ਵਿਖੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਓਮਾਨ ਵਿਚ ਵੇਚੀ ਗਈ ਮਲੋਟ ਇਲਾਕੇ ਨਾਲ ਸਬੰਧਤ ਇਕ ਪੀੜਤ ਔਰਤ ਆਖਿਰ ਵਾਪਸ ਘਰ ਪਰਤ ਆਈ ਹੈ। ਪੀੜਤਾ ਨੇ ਠੱਗ ਏਜੰਟਾਂ ਦੇ ਵੱਡੇ ਗਿਰੋਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਪਣੇ ਵਕੀਲ ਰਾਹੀਂ ਪੀੜਤ ਔਰਤ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਬੀਮਾਰ ਪਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੰਮ ਦੀ ਭਾਲ ਵਿਚ ਸੀ। ਇਸ ਦੌਰਾਨ ਇਕ ਟ੍ਰੈਵਲ ਏਜੰਟ ਰੇਸ਼ਮ ਸਿੰਘ ਅਤੇ ਉਸਦੀ ਸਾਥੀ ਔਰਤ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਨੇ ਉਸ ਨਾਲ ਸੰਪਰਕ ਕੀਤਾ। ਏਜੰਟਾਂ ਵੱਲੋਂ ਉਸਨੂੰ ਦੁਬਈ ’ਚ ਘਰੇਲੂ ਨੌਕਰਾਣੀ ਵਜੋਂ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਦੇਹ ਵਪਾਰ ਲਈ ਓਮਾਨ ਭੇਜ ਦਿੱਤਾ, ਜਿੱਥੇ ਪਹਿਲੇ ਦਿਨ ਹੀ ਉਸ ਦਾ ਸਰੀਰਕ ਸ਼ੋਸ਼ਣ ਹੋਣ ਲੱਗਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੀੜਤਾ ਦੇ ਪਤੀ ਦੇ ਬਿਆਨਾਂ ’ਤੇ ਠੱਗ ਟ੍ਰੈਵਲ ਏਜ਼ੰਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਅਤੇ ਉਸਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਕਮਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੀੜਤਾ ਨੇ ਮੰਗ ਕੀਤੀ ਕਿ ਉਕਤ ਏਜੰਟਾਂ ਤੋਂ ਇਲਾਵਾ ਇਸ ਮਾਮਲੇ ਵਿਚ ਇਕ ਵੱਡਾ ਗਿਰੋਹ ਹੈ, ਜਿਸ ਕਰਕੇ ਉਸ ਵਰਗੀਆਂ ਅਨੇਕਾਂ ਔਰਤਾਂ ਠੱਗ ਏਜੰਟਾਂ ਦੇ ਕਾਰਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ, ਭਾਰਤ ਸਰਕਾਰ ਅਤੇ ਪੁਲਸ ਉਨ੍ਹਾਂ ਦਾ ਪਰਦਾਫਾਸ਼ ਕਰੇ।